ਯੂਕੇ: ਸ਼ਾਹੀ ਜ਼ਿੰਦਗੀ ਬਤੀਤ ਕਰਨ ਵਾਲਾ ਨਸ਼ਾ ਤਸਕਰ ਲੰਮੇ ਸਮੇਂ ਲਈ ਜਾ ਸਕਦੈ ਜੇਲ੍ਹ

Thursday, Jun 10, 2021 - 05:43 PM (IST)

ਯੂਕੇ: ਸ਼ਾਹੀ ਜ਼ਿੰਦਗੀ ਬਤੀਤ ਕਰਨ ਵਾਲਾ ਨਸ਼ਾ ਤਸਕਰ ਲੰਮੇ ਸਮੇਂ ਲਈ ਜਾ ਸਕਦੈ ਜੇਲ੍ਹ

ਗਲਾਸਗੋ/ ਮਾਨਚੈਸਟਰ (ਮਨਦੀਪ ਖੁਰਮੀ ਹਿੰਮਤਪੁਰਾ)- ਮਾਨਚੈਸਟਰ ਵਿਚ ਸ਼ਾਹੀ ਠਾਠ-ਬਾਠ ਨਾਲ ਜ਼ਿੰਦਗੀ ਬਿਤਾਉਣ ਵਾਲਾ ਇਕ ਵਿਅਕਤੀ ਨਸ਼ਿਆਂ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਹੋਣ ਦਾ ਸਾਹਮਣਾ ਕਰ ਰਿਹਾ ਹੈ। 40 ਸਾਲਾ ਅਰਮ ਸ਼ੀਬਾਨੀ ਨੂੰ ਕੋਕੀਨ ਦੀ ਤਸਕਰੀ ਵਿਚ ਸ਼ਾਮਲ ਹੋਣ ਦੇ ਨਾਲ-ਨਾਲ ਹੋਰ ਕਈ ਅਪਰਾਧਿਕ ਗਤੀਵਿਧੀਆਂ ਵਿਚ ਦੋਸ਼ੀ ਪਾਇਆ ਗਿਆ ਹੈ। ਮਾਨਚੈਸਟਰ ਦੇ ਰਹਿਣ ਵਾਲੇ ਸ਼ੀਬਾਨੀ ਕੋਲ 5 ਮਿਲੀਅਨ ਪੌਂਡ ਦੀ ਜ਼ਾਇਦਾਦ ਹੈ, ਜਿਸ ਵਿਚ ਲੰਡਨ ਦੇ ਕੇਨਸਿੰਗਟਨ 'ਚ 1.74 ਮਿਲੀਅਨ ਪੌਂਡ ਦਾ ਅਪਾਰਟਮੈਂਟ ਵੀ ਸ਼ਾਮਲ ਸੀ। ਮਾਨਚੈਸਟਰ ਕ੍ਰਾਊਨ ਕੋਰਟ ਅਨੁਸਾਰ ਪੁਲਸ ਨੇ ਉਸ ਕੋਲੋਂ 1 ਮਿਲੀਅਨ ਪੌਂਡ ਤੋਂ ਵੱਧ ਦੀ ਨਕਦੀ ਪ੍ਰਾਪਤ ਕੀਤੀ ਹੈ।

ਦਸਤਾਵੇਜ਼ਾਂ ਅਨੁਸਾਰ ਸ਼ੀਬਾਨੀ ਨੇ ਵਿਸ਼ਵ ਪੱਧਰ 'ਤੇ ਯਾਤਰਾ ਕੀਤੀ ਹੈ ਅਤੇ ਵੱਖ-ਵੱਖ ਮਹਿੰਗੀਆਂ ਕਾਰਾਂ ਬੈਂਟਲੇ ਅਤੇ ਪੋਰਸ਼ ਆਦਿ ਰੱਖਣ ਦੇ ਨਾਲ ਆਪਣੀ ਕਾਸਮੈਟਿਕ ਸਰਜਰੀ ਵਿਚ ਵੀ ਭਾਰੀ ਪੈਸਾ ਨਿਵੇਸ਼ ਕੀਤਾ ਹੈ। ਹਾਲਾਂਕਿ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਦੌਲਤ ਜਾਇਜ਼ ਸਰੋਤਾਂ ਤੋਂ ਆਈ ਹੈ ਪਰ ਵਕੀਲਾਂ ਅਨੁਸਾਰ ਉਸ ਨੇ ਅਪਰਾਧ ਕਰਕੇ ਪੈਸੇ ਕਮਾਏ ਹਨ। ਉਸ ਨੇ ਆਪਣੀ ਝੂਠੀ ਘੋਸ਼ਿਤ ਕੀਤੀ ਹੋਈ ਕਮਾਈ ਨੂੰ ਸਾਬਤ ਕਰਨ ਲਈ ਜਾਅਲੀ ਬੈਂਕ ਸਟੇਟਮੈਂਟ ਅਤੇ ਹੋਰ ਦਸਤਾਵੇਜ਼ ਬਣਾਏ। ਇਸਦੇ ਇਲਾਵਾ ਉਹ ਟੈਕਸ ਦੇਣ ਵਿਚ ਵੀ ਅਸਫ਼ਲ ਰਿਹਾ ਹੈ।

ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਬੋਡਨ ਵਿਖੇ ਉਸ ਦੇ ਲਗਜ਼ਰੀ ਅਪਾਰਟਮੈਂਟ 'ਤੇ ਛਾਪਾ ਮਾਰ ਕੇ ਕੁੱਝ ਉਪਕਰਨ ਬਰਾਮਦ ਕੀਤੇ, ਜੋ ਉੱਚ ਪੱਧਰੀ ਅਪਰਾਧੀ ਵਰਤੋਂ ਕਰਦੇ ਹਨ। ਪੁਲਸ ਨੂੰ ਇਕ ਕੈਮਰੇ ਵਿਚੋਂ ਸ਼ੁੱਧ ਕੋਕੀਨ ਦੀ ਤਸਵੀਰ ਵੀ ਮਿਲੀ ਅਤੇ ਉਹਨਾਂ ਦੇ ਫੋਨਾਂ ਵਿਚੋਂ ਮਿਲੀ ਜਾਣਕਾਰੀ ਨੇ ਉਸ ਦੇ ਤਸਕਰੀ ਵਿਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ। ਇਸ ਵਿਅਕਤੀ ਨੇ ਨਸ਼ਾ ਲੈਣਾ ਸਵੀਕਾਰ ਕੀਤਾ ਪਰ ਨਸ਼ਾ ਡੀਲਰ ਹੋਣ ਤੋਂ ਇਨਕਾਰ ਕਰ ਦਿੱਤਾ ਪਰ ਜਿਊਰੀ ਨੇ ਉਸ ਦੀਆਂ ਸਭ ਦਲੀਲਾਂ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ਵਿਚ ਸ਼ੀਬਾਨੀ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ, ਜਿਸ ਵਿਚ ਉਹ ਲੰਮੇ ਸਮੇਂ ਲਈ ਜੇਲ੍ਹ ਅੰਦਰ ਜਾ ਸਕਦਾ ਹੈ।


author

cherry

Content Editor

Related News