ਵੱਡੀ ਖ਼ਬਰ : ਬ੍ਰਿਟੇਨ 'ਚ ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਮਿਲੀ ਹਰੀ ਝੰਡੀ
Wednesday, Dec 02, 2020 - 01:26 PM (IST)
ਲੰਡਨ- ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਲੈ ਕੇ ਵੱਡੀ ਖ਼ਬਰ ਹੈ। ਬ੍ਰਿਟਿਸ਼ ਰੈਗੂਲੇਟਰ ਐੱਮ. ਐੱਚ. ਆਰ. ਏ. ਨੇ ਫਾਈਜ਼ਰ ਤੇ ਬਾਇਓਨਟੈਕ ਵਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤੇ ਗਏ ਕੋਰੋਨਾ ਟੀਕੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਫਾਈਜ਼ਰ-ਬਾਇਓਨਟੈਕ ਦੇ ਕੋਵਿਡ-19 ਟੀਕਾ ਅਗਲੇ ਹਫਤੇ ਤੋਂ ਬ੍ਰਿਟੇਨ ਭਰ ਵਿਚ ਉਪਲਬਧ ਹੋਵੇਗਾ। ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਇਹ ਵਿਸ਼ਵ ਦਾ ਪਹਿਲਾ ਮੁਲਕ ਹੈ।
ਇਹ ਵੀ ਪੜ੍ਹੋ- ਬ੍ਰਿਟਿਸ਼ ਕੋਲੰਬੀਆ 'ਚ ਹੁਣ ਤੱਕ 33 ਹਜ਼ਾਰ ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ
ਇਹ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਇਆ ਟੀਕਾ ਹੈ, ਜਿਸ ਨੂੰ ਬਣਾਉਣ ਵਿਚ ਸਿਰਫ 10 ਮਹੀਨੇ ਲੱਗੇ। ਉਂਝ ਅਜਿਹੇ ਟੀਕੇ ਨੂੰ ਬਣਾਉਣ ਵਿਚ ਇਕ ਦਹਾਕਾ ਲੱਗ ਜਾਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਟੀਕਾ ਸਿਹਤ ਕਾਮਿਆਂ ਨੂੰ ਪਹਿਲਾਂ ਦਿੱਤਾ ਜਾਵੇਗਾ। ਹੋ ਸਕਦਾ ਹੈ ਕਿ 7 ਦਸੰਬਰ ਤੋਂ ਹੀ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇ। ਬ੍ਰਿਟੇਨ ਨੇ ਫਾਈਜ਼ਰ ਤੇ ਬਾਇਓਨਟੈਕ ਦੀਆਂ ਦੋ ਡੋਜ਼ ਵਾਲੀਆਂ ਵੈਕਸੀਨ ਦੀਆਂ 4 ਕਰੋੜ ਖੁਰਾਕਾਂ ਦਾ ਆਰਡਰ ਦੇ ਚੁੱਕਾ ਹੈ। ਇਹ ਟੀਕਾ ਵਾਇਰਸ ਨੂੰ ਰੋਕਣ ਲਈ 95 ਫ਼ੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਪਾਇਆ ਗਿਆ ਹੈ।
ਇਹ ਵੀ ਪੜ੍ਹੋ- ਚੀਨ ਨੇ ਚੰਦਰਮਾ 'ਤੇ ਸਫਲਤਾਪੂਰਵਕ ਉਤਾਰਿਆ ਆਪਣਾ ਪੁਲਾੜ ਯਾਨ
ਉੱਥੇ ਹੀ, ਬ੍ਰਿਟੇਨ ਦੇ ਵੈਕਸੀਨ ਮੰਤਰੀ ਨਾਦਿਮ ਜਹਾਵੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਸਭ ਯੋਜਨਾ ਤਹਿਤ ਹੋਇਆ ਤਾਂ ਟੀਕੇ ਨੂੰ ਮਨਜ਼ੂਰੀ ਮਿਲਣ ਦੇ ਕੁਝ ਘੰਟਿਆਂ ਵਿਚ ਹੀ ਟੀਕਾਕਰਣ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਰੂਰੀ ਤਿਆਰੀਆਂ ਨੂੰ ਆਖਰੀ ਰੂਪ ਦਿੱਤਾ ਜਾ ਚੁੱਕਾ ਹੈ। ਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਟੀਕੇ ਦੇ ਬਾਵਜੂਦ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ।