ਬ੍ਰਿਟੇਨ ਨੇ ਤਿੰਨ ਲੋਕਾਂ ਦੇ ਡੀ.ਐੱਨ.ਏ. ਤੋਂ ਬੱਚੇ ਦੇ ਜਨਮ ਨੂੰ ਦਿੱਤੀ ਮਨਜ਼ੂਰੀ
Saturday, Feb 03, 2018 - 02:48 AM (IST)

ਲੰਡਨ— ਬ੍ਰਿਟੇਨ ਦੇ ਅਧਿਕਾਰੀਆਂ ਨੇ ਡਾਕਟਰਾਂ ਨੂੰ ਦੇਸ਼ ਦੇ ਪਹਿਲੇ ਅਜਿਹੇ ਬੱਚਿਆਂ ਨੂੰ ਜਨਮ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਨ੍ਹਾਂ ਦੇ ਤਿੰਨ ਮਾਤਾ-ਪਿਤਾ ਹੋਣਗੇ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਤਾਂ ਕਿ ਲਾਇਲਾਜ ਜੱਦੀ ਬੀਮਾਰੀਆਂ ਜੱਚਾ ਤੋਂ ਬੱਚੇ ਵਿਚ ਨਾ ਆ ਸਕਣ। ਬ੍ਰਿਟੇਨ ਦੇ ਸਿਹਤ ਵਿਭਾਗ ਤਹਿਤ ਸੁਤੰਤਰ ਰੂਪ ਨਾਲ ਕੰਮ ਕਰਨ ਵਾਲੇ 'ਦਿ ਹਿਊਮਨ ਫਰਟੀਲਾਈਜ਼ੇਸ਼ਨ ਐਂਡ ਐਂਬ੍ਰਾਇਓਲਾਜੀ ਅਥਾਰਿਟੀ (ਐੱਚ. ਐੱਫ. ਈ. ਏ.) ਨੇ ਕੱਲ ਉਸ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨੂੰ ਉੱਤਰ-ਪੂਰਬ ਇੰਗਲੈਂਡ ਦੇ ਕਿਊਕੈਸਲ ਸ਼ਹਿਰ 'ਚ ਦੋ ਔਰਤਾਂ 'ਤੇ ਅਮਲ ਵਿਚ ਲਿਆਂਦਾ ਜਾਣਾ ਹੈ। ਭਾਵੇਂ ਇਸ ਪ੍ਰਕਿਰਿਆ ਦੇ ਆਲੋਚਕਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਮਾਤਾ-ਪਿਤਾ ਇਸ ਤਕਨੀਕ ਦੀ ਦੁਰਵਰਤੋਂ ਜੱਦੀ ਤੌਰ 'ਤੇ ਸੋਧੇ (ਜੈਨੇਟੀਕਲੀ ਮੋਡੀਫਾਈਡ) ਬੱਚੇ ਪਾਉਣ ਲਈ ਕਰ ਸਕਦੇ ਹਨ।
ਇਸ ਪ੍ਰਕਿਰਿਆ ਵਿਚ ਔਰਤਾਂ ਲਈ 'ਮਾਈਟੋਕਾਡ੍ਰਿਅਲ ਡੋਨੇਸ਼ਨ ਥੈਰੇਪੀ ਦੀ ਵਰਤੋਂ ਕੀਤੀ ਜਾਵੇਗੀ। ਇਹ ਅਜਿਹੀਆਂ ਔਰਤਾਂ 'ਤੇ ਇਸਤੇਮਾਲ ਹੋਵੇਗਾ, ਜੋ ਜਾਣਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਵਿਚ ਜਨਮ ਤੋਂ ਹੀ 'ਨਿਊਰੋਡੀਜੈਨਰੇਟਿਵ' ਬੀਮਾਰੀ ਹੋ ਸਕਦੀ ਹੈ। ਇਹ ਵਿਕਾਸ ਦਿਮਾਗੀ ਪ੍ਰਣਾਲੀ ਦੇ ਨੁਕਸਾਨ ਕਾਰਨ ਹੁੰਦਾ ਹੈ। ਇਸੇ ਕਾਰਨ ਤੁਰਨ-ਫਿਰਨ ਵਿਚ ਸਮੱਸਿਆ ਆਉਂਦੀ ਹੈ ਜਾਂ ਮਾਨਸਿਕ ਪ੍ਰੇਸ਼ਾਨੀਆਂ ਹੁੰਦੀਆਂ ਹਨ। ਐੱਚ. ਐੱਫ. ਈ. ਏ. ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਡੀ ਮਨਜ਼ੂਰੀ ਕਮੇਟੀ ਨੇ ਦੋ ਮਰੀਜ਼ਾਂ ਦੇ ਇਲਾਜ ਲਈ 'ਮਾਈਟੋਕਾਡ੍ਰਿਅਲ ਡੋਨੇਸ਼ਨ ਦੀ ਵਰਤੋਂ ਲਈ ਨਿਊਕੈਸਲ ਫਰਟੀਲਿਟੀ ਸੈਂਟਰ ਦੀਆਂ ਅਰਜ਼ੀਆਂ 'ਤੇ ਵਿਚਾਰ ਕੀਤਾ ਹੈ ਅਤੇ ਦੋਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।