ਯੂ. ਕੇ. : ਬੰਦਰਗਾਹ ਤੋਂ 76 ਮਿਲੀਅਨ ਪੌਂਡ ਦੀ ਕੋਕੀਨ ਜ਼ਬਤ
Saturday, Jan 23, 2021 - 04:28 PM (IST)

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਗੈਰ ਕਾਨੂੰਨੀ ਨਸ਼ਿਆਂ ਦੀ ਤਸਕਰੀ ਵਿਚ ਭਾਰੀ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਵਧ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਸਖ਼ਤਾਈ ਨਾਲ ਯਤਨ ਕੀਤੇ ਜਾ ਰਹੇ ਹਨ। ਪੁਲਸ ਵਿਭਾਗ ਵੀ ਇਸ ਮਾਮਲੇ ਵਿਚ ਸਤਰਕ ਰਹਿੰਦੇ ਹੋਏ ਨਸ਼ੇ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ ਤੱਕ ਪਹੁੰਚਣ ਲਈ ਆਪਣਾ ਯੋਗਦਾਨ ਪਾ ਰਿਹਾ ਹੈ।
ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬਾਰਡਰ ਪੁਲਸ ਨੇ ਸਾਊਥੈਂਪਟਨ ਦੀ ਬੰਦਰਗਾਹ 'ਤੇ ਕੇਲਿਆਂ ਦੇ ਇਕ ਟਰੱਕ ਵਿਚ ਲੁਕੋ ਕੇ ਯੂਰਪ ਵੱਲ ਭੇਜੀ ਜਾ ਰਹੀ ਕੋਕੀਨ ਦੀ ਇਕ ਵੱਡੀ ਖੇਪ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਅਧਿਕਾਰੀਆਂ ਵਲੋਂ ਸ਼ੁੱਕਰਵਾਰ ਨੂੰ ਰੋਜ਼ਾਨਾ ਦੀ ਜਾਂਚ ਦੌਰਾਨ ਜ਼ਬਤ ਕੀਤੀ ਗਈ ਤਕਰੀਬਨ 946 ਕਿਲੋਗ੍ਰਾਮ ਕੋਕੀਨ ਦੀ ਕੀਮਤ ਲਗਭਗ 76 ਮਿਲੀਅਨ ਪੌਂਡ ਦੱਸੀ ਗਈ ਹੈ।
ਬਾਰਡਰ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੀ ਮਾਤਰਾ ਵਿਚ ਕੋਕੀਨ ਦੀ ਇਹ ਖੇਪ ਕੋਲੰਬੀਆ ਤੋਂ ਵਪਾਰਕ ਸਮੁੰਦਰੀ ਜ਼ਹਾਜ਼ 'ਚ ਇਕ ਕੰਟੇਨਰ ਵਿਚ ਲੁਕੋ ਕੇ ਬੈਲਜੀਅਮ ਦੇ ਐਂਟਵਰਪ ਵਿਚ ਭੇਜੇ ਜਾਣ ਦੀ ਸੰਭਾਵਨਾ ਸੀ। ਬਾਰਡਰ ਪੁਲਸ ਦੀ ਇਸ ਕਾਰਵਾਈ ਲਈ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਵਧ ਰਹੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਰਕਾਰ ਵਲੋਂ ਕੀਤੇ ਯਤਨਾਂ ਦੀ ਵੀ ਸਿਫ਼ਤ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿਚ ਵੀ ਅਧਿਕਾਰੀਆਂ ਵਲੋਂ ਡੋਵਰ ਪੋਰਟ 'ਤੇ ਫਲਾਂ ਦੀਆਂ ਪੇਟੀਆਂ ਵਿਚ ਲੁਕੋ ਕੇ ਤਸਕਰੀ ਕੀਤੀ ਜਾ ਰਹੀ ਇਕ ਟਨ ਦੇ ਕਰੀਬ ਕੋਕੀਨ ਨੂੰ ਜ਼ਬਤ ਕੀਤਾ ਸੀ।