ਯੂਕੇ: ਸੰਤੋਖ ਸਿੰਘ ਹੇਅਰ ਦਾ ਨਵ-ਪ੍ਰਕਾਸਿਤ ਕਹਾਣੀ ਸੰਗ੍ਰਹਿ “ਹਰਾ ਚੂੜਾ” ਲੋਕ ਅਰਪਣ

Wednesday, Apr 13, 2022 - 04:48 PM (IST)

ਯੂਕੇ: ਸੰਤੋਖ ਸਿੰਘ ਹੇਅਰ ਦਾ ਨਵ-ਪ੍ਰਕਾਸਿਤ ਕਹਾਣੀ ਸੰਗ੍ਰਹਿ “ਹਰਾ ਚੂੜਾ” ਲੋਕ ਅਰਪਣ

ਗਲਾਸਗੋ/ਕਾਵੈਂਟਰੀ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਵਸਦੇ ਲੇਖਕਾਂ ਵਿੱਚ ਸੰਤੋਖ ਸਿੰਘ ਹੇਅਰ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਬਹੁਤ ਹੀ ਹਲੀਮ ਸ਼ਖਸੀਅਤ ਦੇ ਮਾਲਕ ਸੰਤੋਖ ਸਿੰਘ ਹੇਅਰ ਸਾਹਿਤਕ ਖੇਤਰ ਵਿੱਚ ਬੇਹੱਦ ਸਰਗਰਮੀ ਤੇ ਲਗਨ ਨਾਲ ਰੁੱਝੇ ਰਹਿੰਦੇ ਹਨ। ਉਹਨਾਂ ਦੇ ਨਵ-ਪ੍ਰਕਾਸਿ਼ਤ ਕਹਾਣੀ ਸੰਗ੍ਰਹਿ “ਹਰਾ ਚੂੜਾ” ਨੂੰ ਲੋਕ ਅਰਪਣ ਕਰਨ ਹਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਰੇਡੀਓ ਪੰਜ ਵਿਖੇ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਗੱਲਬਾਤ ਕਰਦਿਆਂ ਸ਼ਿੰਦਾ ਸੁਰੀਲਾ ਨੇ ਕਿਹਾ ਕਿ ਸੰਤੋਖ ਸਿੰਘ ਹੇਅਰ ਬਹੁਤ ਹੀ ਨਿਸ਼ਠਾਵਾਨ ਲੇਖਕ ਹਨ, ਜਿਹੜੇ ਆਪਣੇ ਲਿਖਣ ਕਾਰਜਾਂ ਨੂੰ ਵੀ ਨੇਮ ਸਮਝ ਕੇ ਕਰਨ ਵਿੱਚ ਮਸਤ ਰਹਿੰਦੇ ਹਨ।

ਉਹਨਾਂ ਕਿਹਾ ਕਿ ਬਰਤਾਨੀਆ ਵਸਦਾ ਭਾਈਚਾਰਾ ਉਹਨਾਂ ਦੀ ਇਸ ਘਾਲਣਾ ਨੂੰ ਹਮੇਸ਼ਾ ਸਿਰ ਮੱਥੇ ਪ੍ਰਵਾਨ ਕਰਦਾ ਆਇਆ ਹੈ ਤੇ ਇਸ ਕ੍ਰਿਤ ਨੂੰ ਵੀ ਮਣਾਂਮੂੰਹੀਂ ਪਿਆਰ ਮਿਲੇਗਾ। ਇਸ ਸਮਾਗਮ ਦੌਰਾਨ ਕੁਲਵੰਤ ਸਿੰਘ ਢੇਸੀ, ਲੇਖਕ ਖਰਲਵੀਰ, ਸੰਗੀਤਕਾਰ ਬਲਦੇਵ ਮਸਤਾਨਾ ਜੀ, ਡਾ: ਜਰਨੈਲ ਸਿੰਘ, ਸੁਰਜੀਤ ਸਿੰਘ, ਰਾਜਿੰਦਰ ਮਾਨ, ਬਲਵੰਤ ਕੰਗ ਤੇ ਦਵਿੰਦਰ ਸਿੰਘ ਸੋਮਲ ਆਦਿ ਹਸਤੀਆਂ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਗਿਆ ਕਿ ਸੰਤੋਖ ਸਿੰਘ ਹੇਅਰ ਨੇ ਹਮੇਸ਼ਾ ਹੀ ਸਮਾਜ ਦੇ ਵੱਖ ਵੱਖ ਸਰੋਕਾਰਾਂ ਨੂੰ ਆਪਣੀਆਂ ਲਿਖਤਾਂ ਦਾ ਆਧਾਰ ਬਣਾਇਆ ਹੈ। “ਹਰਾ ਚੂੜਾ” ਕਹਾਣੀ ਸੰਗ੍ਰਹਿ ਵੀ ਨਿਰਸੰਦੇਹ ਉਹਨਾਂ ਦੀਆਂ ਸ਼ਾਹਕਾਰ ਕ੍ਰਿਤਾਂ ਦਾ ਖਜ਼ਾਨਾ ਹੋ ਨਿੱਬੜੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਰੇਡੀਓ 'ਹਾਂਜੀ' ਦੀ 7ਵੀਂ ਵਰੇਗੰਢ ਮੌਕੇ ਲੱਗੀਆਂ ਰੌਣਕਾਂ

ਹਾਜਰੀਨ ਨੇ ਉਹਨਾਂ ਨੂੰ ਇਸ ਲੋਕ ਅਰਪਣ ਸਮਾਗਮ ਦੀ ਸਫ਼ਲਤਾ ਦੀ ਵਧਾਈ ਪੇਸ਼ ਕੀਤੀ। ਸਮਾਗਮ ਦੇ ਅਖੀਰ ਵਿੱਚ ਸੰਤੋਖ ਸਿੰਘ ਹੇਅਰ ਨੇ ਸਮੂਹ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਲਾਹੁਤਾ ਵਿੱਚ ਬੋਲੇ ਗਏ ਲਫ਼ਜ਼ ਜ਼ਿੰਮੇਵਾਰੀ ਵਿੱਚ ਵਾਧਾ ਕਰਦੇ ਹਨ। ਸੋ ਮੇਰੀ ਵੀ ਕੋਸ਼ਿਸ਼ ਰਹੇਗੀ ਕਿ ਆਪਣੇ ਸਮਕਾਲੀ ਲੇਖਕਾਂ ਤੇ ਪਾਠਕ ਵਰਗ ਦੀਆਂ ਆਸਾਂ ਉਮੀਦਾਂ ‘ਤੇ ਖਰਾ ਉੱਤਰਦਾ ਰਹਾਂ।


author

Vandana

Content Editor

Related News