ਯੂਕੇ: ਰਾਇਲ ਮੇਲ ਦੁਆਰਾ ਡਰੋਨ ਰਾਹੀਂ ਟਾਪੂਆਂ ''ਤੇ ਭੇਜੇ ਜਾਣਗੇ ਪਾਰਸਲ

Monday, May 10, 2021 - 11:52 AM (IST)

ਯੂਕੇ: ਰਾਇਲ ਮੇਲ ਦੁਆਰਾ ਡਰੋਨ ਰਾਹੀਂ ਟਾਪੂਆਂ ''ਤੇ ਭੇਜੇ ਜਾਣਗੇ ਪਾਰਸਲ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੀ ਰਾਇਲ ਮੇਲ ਡਾਕ ਸੇਵਾ ਡਰੋਨ ਦੀ ਵਰਤੋਂ ਕਰਕੇ ਪੀ ਪੀ ਈ, ਕੋਵਿਡ-19 ਟੈਸਟ ਕਿੱਟਾਂ ਅਤੇ ਹੋਰ ਪਾਰਸਲ ਯੂਕੇ ਤੋਂ ਸਿਲੀ ਆਈਲਜ਼ ਵਰਗੇ ਟਾਪੂਆਂ 'ਤੇ ਭੇਜਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਪਾਰਸਲ ਕੈਰੀਅਰ ਹੋਵੇਗਾ ਜੋ ਡਰੋਨ ਦੀ ਵਰਤੋਂ ਕਰਦਿਆਂ ਬ੍ਰਿਟੇਨ ਦੇ ਇੱਕ ਟਾਪੂ ਨੂੰ ਮੇਲ ਪਹੁੰਚਾਏਗਾ। ਇਸ ਪ੍ਰਕਿਰਿਆ ਵਿੱਚ ਇੱਕ ਛੋਟਾ ਡਰੋਨ, ਪਾਰਸਲਾਂ ਨੂੰ ਸੰਬੰਧਿਤ ਪਤੇ ਤੱਕ ਪਹੁਚਾਉਣ ਦਾ ਕੰਮ ਕਰੇਗਾ। 

ਇਸ ਯੋਜਨਾ ਵਿੱਚ ਯੂਕੇ ਤੋਂ ਟਾਪੂਆਂ ਤੱਕ ਡਰੋਨ ਦੀ ਉਡਾਨ ਲਈ ਸਰਕਾਰ ਦੁਆਰਾ ਫੰਡ ਦਿੱਤਾ ਜਾ ਰਿਹਾ ਹੈ। ਇਸ ਵਿੱਚ ਸਾਊਥ ਹੈਂਮਪਟਨ ਯੂਨੀਵਰਸਿਟੀ ਅਤੇ ਕਈ ਡਰੋਨ ਕੰਪਨੀਆਂ ਸ਼ਾਮਿਲ ਹਨ। ਵਿੰਜਰਸ ਲਿਮਟਿਡ ਦੁਆਰਾ ਯੂਕੇ ਵਿੱਚ ਨਿਰਮਿਤ ਇੱਕ ਵੱਡਾ, ਜੁੜਵੇ ਇੰਜਨ ਵਾਲਾ ਹਵਾਈ ਵਾਹਨ (ਯੂ ਏ ਵੀ), ਸੇਂਟ ਮੈਰੀਜ ਵਿੱਚ ਟਾਪੂਆਂ ਦੇ ਹਵਾਈ ਅੱਡੇ ਤੱਕ ਪੈਕੇਜ ਲੈ ਕੇ ਜਾਵੇਗਾ। ਯੂ ਏ ਵੀ ਨੂੰ ਦੂਰ ਦੁਰਾਡੇ ਟਿਕਾਣਿਆਂ 'ਤੇ ਲੋਕਾਂ ਨੂੰ ਸਪਲਾਈ ਪਹੁੰਚਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਹ ਧੁੰਦ ਸਮੇਤ ਮਾੜੇ ਮੌਸਮ ਦੀ ਸਥਿਤੀ ਵਿੱਚ ਵੀ ਉਡਾਨ ਭਰਨ ਦੇ ਸਮਰੱਥ ਹੈ।  

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਜੂਝ ਰਹੇ ਭਾਰਤ ਨੂੰ ਡਾ. ਫਾਉਚੀ ਨੇ ਮੁੜ ਸੁਝਾਇਆ ਆਫ਼ਤ ਨਾਲ ਨਜਿੱਠਣ ਦਾ ਇਹ ਰਾਹ

ਇਹ ਸਾਰੇ ਆਕਾਰ ਅਤੇ 100 ਕਿਲੋਗ੍ਰਾਮ ਤੱਕ ਪਾਰਸਲ ਮੇਲ ਲਿਜਾ ਸਕਦਾ ਹੈ। ਸ਼ੁਰੂ ਵਿੱਚ ਇਹ ਪੀ ਪੀ ਈ ਅਤੇ ਕੋਵਿਡ ਟੈਸਟ ਕਿੱਟਾਂ ਭੇਜਣ 'ਤੇ ਕੇਂਦ੍ਰਿਤ ਹੋਵੇਗਾ, ਪਰ ਡਰੋਨ ਹੋਰ ਪਾਰਸਲ ਵੀ ਲੈ ਕੇ ਆਉਣਗੇ, ਜਿਸ ਵਿੱਚ ਰਿਟੇਲਰਾਂ ਦੇ ਆਨਲਾਈਨ ਆਰਡਰ ਵੀ ਸ਼ਾਮਿਲ ਹਨ। ਰਾਇਲ ਮੇਲ ਨੇ ਪਿਛਲੀ ਦਸੰਬਰ ਵਿੱਚ ਇੱਕ ਡਰੋਨ ਦੀ ਵਰਤੋਂ ਕਰਦਿਆਂ ਆਪਣਾ ਪਹਿਲਾ ਪਾਰਸਲ ਸਕਾਟਲੈਂਡ ਦੇ ਆਈਲ ਆਫ ਮੁਲ ਦੇ ਇੱਕ ਲਾਈਟਹਾਊਸ ਵਿੱਚ ਭੇਜਿਆ ਸੀ।


author

Vandana

Content Editor

Related News