ਯੂਕੇ : ਮਾਨਚੈਸਟਰ ''ਚ ਪ੍ਰਦਰਸ਼ਨਕਾਰੀਆਂ ਨੇ ਰੋਕੀਆਂ ਟ੍ਰਾਮ ਲਾਈਨਾਂ, 18 ਗ੍ਰਿਫ਼ਤਾਰ
Sunday, Mar 28, 2021 - 02:08 PM (IST)
 
            
            ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਮਾਨਚੈਸਟਰ ਵਿੱਚ ‘ਕਿੱਲ ਦ ਬਿੱਲ’ ਪ੍ਰਦਰਸ਼ਨਕਾਰੀਆਂ ਵੱਲੋਂ ਟ੍ਰਾਮ ਲਾਈਨਾਂ ਰੋਕਣ ਤੋਂ ਬਾਅਦ ਪੁਲਸ ਵੱਲੋਂ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਦੌਰਾਨ ਹਟਣ ਤੋਂ ਇਨਕਾਰ ਕਰਨ 'ਤੇ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਟ੍ਰਾਮ ਟਰੈਕਾਂ ਤੋਂ ਹਟਾਇਆ ਗਿਆ। ਯੂਕੇ ਸਰਕਾਰ ਦੇ ਨਵੇਂ ਪੁਲਸ, ਅਪਰਾਧ, ਸਜ਼ਾ ਅਤੇ ਅਦਾਲਤੀ ਬਿੱਲ ਦਾ ਵਿਰੋਧ ਕਰਨ ਲਈ ਅੰਦਾਜ਼ਨ 150 ਲੋਕ ਸੇਂਟ ਪੀਟਰਜ਼ ਸਕੁਆਇਰ ਵੱਲ ਨਿਕਲੇ। ਇਸ ਬਿੱਲ ਵਿਚ ਸਾਂਤੀ ਪੂਰਵਕ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਵਿੱਚ ਪੁਲਸ ਸ਼ਕਤੀਆਂ ਨੂੰ ਵਧਾਉਣ ਦੇ ਉਪਾਅ ਸ਼ਾਮਿਲ ਹਨ।
ਮਾਨਚੈਸਟਰ ਦੇ ਇਸ ਪ੍ਰਦਰਸ਼ਨ ਬਾਰੇ ਪੁਲਸ ਅਨੁਸਾਰ ਪ੍ਰਦਰਸ਼ਨ ਸ਼ਾਂਤਮਈ ਸੀ ਪਰ ਕੁਝ ਲੋਕਾਂ ਵੱਲੋਂ ਟਰਾਂਸਪੋਰਟ ਨੈਟਵਰਕ ਨੂੰ ਰੋਕ ਕੇ ਇਸ ਵਿੱਚ ਵਿਘਨ ਪਾਇਆ ਗਿਆ। ਅਧਿਕਾਰੀਆਂ ਵੱਲੋਂ ਵਾਰ-ਵਾਰ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਟ੍ਰਾਮ ਲਾਈਨਾਂ ਵਿੱਚ ਰੁਕਾਵਟ ਪਾਉਣ ਕਰਕੇ ਕਾਰਵਾਈ ਕੀਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਬ੍ਰਿਸਟਲ ਵਿੱਚ ਵੀ ‘ਕਿਲ ਦ ਬਿੱਲ’ ਦੇ ਵਿਰੋਧ ਤੋਂ ਬਾਅਦ ਹਫੜਾ-ਦਫੜੀ ਮੱਚ ਗਈ ਸੀ, ਜਿਸ ਦੌਰਾਨ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬ੍ਰਿਸਟਲ ਵਿੱਚ ਵੀ ਪੁਲਸ ਨੂੰ ਲੋਕਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਿਆ।
ਪੜ੍ਹੋ ਇਹ ਅਹਿਮ ਖਬਰ - 11 ਸਾਲਾ ਮੁੰਡੇ ਨੇ ਤੰਬੂ 'ਚ ਸੌਂ ਕੇ ਸੰਸਥਾ ਲਈ ਇਕੱਠੇ ਕੀਤੇ ਲੱਖਾਂ ਪੌਂਡ, ਲੋਕ ਕਰ ਰਹੇ ਸ਼ਲਾਘਾ
ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਬੋਤਲਾਂ, ਇੱਟਾਂ ਅਤੇ ਅੰਡੇ ਆਦਿ ਸੁੱਟੇ ਸਨ।ਪ੍ਰਦਰਸ਼ਨਕਾਰੀਆਂ ਨੇ ਬਿੱਲ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਦੇਸ਼ ਭਰ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕੀਤੇ, ਜਿਨ੍ਹਾਂ ਵਿੱਚ ਬ੍ਰਾਇਟਨ, ਬਾਥ ਅਤੇ ਸ਼ੈਫੀਲਡ ਦੇ ਨਾਲ ਮਾਨਚੈਸਟਰ ਵੀ ਸ਼ਾਮਿਲ ਹੈ।
ਨੋਟ- ਮਾਨਚੈਸਟਰ 'ਚ ਪ੍ਰਦਰਸ਼ਨਕਾਰੀਆਂ ਨੇ ਰੋਕੀਆਂ ਟ੍ਰਾਮ ਲਾਈਨਾਂ, 18 ਗ੍ਰਿਫ਼ਤਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            