ਪ੍ਰੀਤੀ ਪਟੇਲ ਵੱਲੋਂ ਬ੍ਰਿਟੇਨ ਦੇ ਵੀਜ਼ਾ ਵਿਭਾਗ ਦੇ ਕੰਮਕਾਜ ਦੇ ਢੰਗ ''ਚ ਤਬਦੀਲੀ ਦਾ ਵਾਅਦਾ
Thursday, Jul 23, 2020 - 06:33 PM (IST)
ਲੰਡਨ (ਬਿਊਰੋ): ਬ੍ਰਿਟੇਨ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਮੰਗਲਵਾਰ ਨੂੰ ਵਿੰਡਰਸ਼ ਕਾਂਡ ਤੋਂ ਸਬਕ ਲੈਂਦੇ ਹੋਏ ਆਪਣੇ ਵਿਭਾਗ ਦੇ ਕੰਮ ਕਰਨ ਦੇ ਢੰਗ ਅਤੇ ਸੱਭਿਆਚਾਰ ਵਿਚ ਤਬਦੀਲੀ ਦਾ ਵਾਅਦਾ ਕੀਤਾ, ਜੋ ਦੇਸ਼ ਵਾ ਵੀਜ਼ਾ ਜਾਰੀ ਕਰਨ ਲਈ ਜ਼ਿੰਮੇਵਾਰ ਹੈ। ਇਹ ਤਬਦੀਲੀਆਂ ਵਿੰਡਰਸ਼ ਕਾਡ ਤੋਂ 'ਸਿੱਖੋ ਸਬਕ' ਦੇ ਆਧਾਰ 'ਤੇ ਹੋਣਗੀਆਂ।ਵਿੰਡਰਸ਼ ਕਾਂਡ ਵਿਚ ਰਾਸ਼ਟਰਮੰਡਲ ਵਿਰਾਸਤ ਦੇ ਹਜ਼ਾਰਾਂ ਵੈਧ ਪ੍ਰਵਾਸੀਆਂ ਨੂੰ ਗਲਤ ਢੰਗ ਨਾਲ ਬ੍ਰਿਟੇਨ ਵਿਚ ਰਹਿਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਗਿਆ ਸੀ।
ਦੂਜੇ ਵਿਸ਼ਵ ਯੁੱਧ ਦੇ ਬਾਅਦ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਰਾਸ਼ਟਰਮੰਡਲ ਨਾਗਰਿਕਾਂ ਨੂੰ ਲਿਆਂਦਾ ਗਿਆ ਸੀ। ਇਸ ਤੋਂ ਕੀ ਸਬਕ ਲਏ ਗਏ ਹਨ, ਇਸ ਦੀ ਸਮੀਖਿਆ ਇਸ ਸਾਲ ਦੇ ਸ਼ੁਰੂ ਵਿਚ ਜਾਰੀ ਕੀਤੀ ਗਈ ਸੀ। ਨਵੇਂ ਨਿਯਮਾਂ ਦੇ ਤਹਿਤ ਗ੍ਰਹਿ ਵਿਭਾਗ ਵਿਚ ਕੰਮ ਕਰਨ ਵਾਲੇ ਹਰੇਕ ਵਿਅਕਤੀ ਨੂੰ ਵਿਆਪਕ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਹ ਦੇਸ਼ ਵਿਚ ਪ੍ਰਵਾਸ ਅਤੇ ਨਸਲਵਾਦ ਦੇ ਇਤਿਹਾਸ ਨੂੰ ਸਮਝ ਸਕੇ। ਗ੍ਰਹਿ ਵਿਭਾਗ ਵਿਚ ਕੰਮ ਕਰਨ ਵਾਲੇ ਹਰੇਕ ਵਰਤਮਾਨ ਅਤੇ ਨਵੇਂ ਮੈਂਬਰ ਨੂੰ ਸਿਖਲਾਈ ਹਾਸਲ ਕਰਨੀ ਜ਼ਰੂਰੀ ਹੋਵੇਗੀ।
ਪ੍ਰੀਤੀ ਪਟੇਲ ਨੇ ਕਿਹਾ,''ਉਹ ਚਾਹੁੰਦੀ ਹੈ ਕਿ ਵਿੰਡਰਸ਼ ਪੀੜ੍ਹੀ ਦੇ ਮਨ ਵਿਚ ਇਸ ਸਬੰਧੀ ਕੋਈ ਸ਼ੱਕ ਨਾ ਰਹੇ। ਉਹ ਵਿਭਾਗ ਦੇ ਸੱਭਿਆਚਾਰ ਵਿਚ ਸੁਧਾਰ ਕਰੇਗੀ ਤਾਂ ਜੋ ਇਹ ਸਾਰੇ ਭਾਈਚਾਰਿਆਂ ਦੀ ਬਿਹਤਰ ਨੁਮਾਇੰਦਗੀ ਕਰ ਸਕੇ। ਵਿੰਡਰਸ਼ ਪੀੜ੍ਹੀ ਤੋਂ ਭਾਵ ਸਾਬਕਾ ਬ੍ਰਿਟਿਸ਼ ਬਸਤੀਵਾਦ ਦੇ ਉਹਨਾਂ ਨਾਗਰਿਕਾਂ ਤੋਂ ਹੈ ਜੋ 1973 ਤੋਂ ਪਹਿਲਾਂ ਬ੍ਰਿਟੇਨ ਆ ਗਏ ਸਨ।ਉਦੋਂ ਰਾਸ਼ਟਰਮੰਡਲ ਦੇਸ਼ਾਂ ਦੇ ਅਜਿਹੇ ਨਾਗਰਿਕਾਂ ਦੇ ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰਾਂ ਵਿਚ ਕਾਨੂੰਨੀ ਸੋਧ ਕੀਤੀ ਗਈ ਸੀ। ਇਹਨਾਂ ਵਿਚ ਵੱਡੀ ਗਿਣਤੀ ਵਿਚ ਜਮੈਕਾ/ਕੈਰੀਬੀਅਨ ਵੰਸ਼ ਦੇ ਲੋਕ 22 ਜੂਨ 1948 ਨੂੰ ਐਮਪਾਇਰ ਜਹਾਜ਼ ਜ਼ਰੀਏ ਬ੍ਰਿਟੇਨ ਪਹੁੰਚੇ ਸਨ। ਉਸ ਦੌਰ ਦੇ ਭਾਰਤ ਅਤੇ ਹੋਰ ਦੱਖਣ ਏਸ਼ੀਆਈ ਦੇਸ਼ਾਂ ਦੇ ਪ੍ਰਵਾਸੀ ਵੀ ਇਸੇ ਸ਼੍ਰੇਣੀ ਵਿਚ ਆਉਂਦੇ ਹਨ।