ਯੂ. ਕੇ. : ਤੇਲ ਸੰਕਟ ਦੌਰਾਨ ਪੈਟਰੋਲ ਪੰਪਾਂ ਦਾ ਸਟਾਫ ਕਰ ਰਿਹੈ ਲੋਕਾਂ ਦੇ ਦੁਰਵਿਵਹਾਰ ਦਾ ਸਾਹਮਣਾ

Thursday, Sep 30, 2021 - 05:39 PM (IST)

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਪੈਦਾ ਹੋਏ ਤੇਲ ਸੰਕਟ ਦੌਰਾਨ ਲੋਕਾਂ ਵੱਲੋਂ ਪੈਟਰੋਲ ਪੰਪਾਂ ’ਤੇ ਲਗਾਈਆਂ ਲੰਬੀਆਂ ਕਤਾਰਾਂ ਕਰ ਕੇ ਲੱਗਦੇ ਸਮੇਂ ਕਾਰਨ ਕਈ ਲੋਕਾਂ ਵੱਲੋਂ ਪੈਟਰੋਲ ਪੰਪਾਂ ਦੇ ਸਟਾਫ ਨਾਲ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। ਤੇਲ ਇੰਡਸਟਰੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਉੱਚ ਪੱਧਰ ਦੇ ਸਰੀਰਕ ਅਤੇ ਜ਼ੁਬਾਨੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ’ਚ ਪੈਟਰੋਲ ਰਿਟੇਲਰਜ਼ ਐਸੋਸੀਏਸ਼ਨ ਨੇ ਕੁਝ ਡਰਾਈਵਰਾਂ ਦੇ ਗ਼ਲਤ ਵਤੀਰੇ ਦੀ ਨਿੰਦਾ ਕੀਤੀ ਹੈ।

ਇਸ ਸੰਸਥਾ ਅਨੁਸਾਰ ਫਿਲਿੰਗ ਸਟੇਸ਼ਨ ਜੋ ਬੰਦ ਹੋ ਗਏ ਸਨ, ਹੁਣ ਦੁਬਾਰਾ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਕਿਉਂਕਿ ਪੈਟਰੋਲ ਪੰਪਾਂ ’ਤੇ ਦਬਾਅ ਹੁਣ ਘੱਟ ਹੋਇਆ ਹੈ ਅਤੇ ਬਹੁਤ ਘੱਟ ਡਰਾਈਵਰ ਹੁਣ ਤੇਲ ਲਈ ਕਤਾਰ ’ਚ ਹਨ। ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਗੋਰਡਨ ਬਾਲਮਰ ਅਨੁਸਾਰ ਇਸ ਬਾਰੇ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਪੰਪਾਂ ’ਤੇ ਸਟਾਫ ਨਾਲ ਲੜਾਈ-ਝਗੜੇ ਹੋ ਰਹੇ ਹਨ। ਉਨ੍ਹਾਂ ਜਨਤਾ ਨੂੰ ਸਟਾਫ ਨਾਲ ਅਜਿਹਾ ਵਿਵਹਾਰ ਨਾ ਕਰਨ ਦੀ ਅਪੀਲ ਕੀਤੀ ਹੈ। 


Manoj

Content Editor

Related News