ਯੂਕੇ: ਤਾਲਾਬੰਦੀ ਦੌਰਾਨ ਪਾਰਟੀ ''ਤੇ ਜਾਣਾ ਪਿਆ ਮਹਿੰਗਾ, ਕੋਰੋਨਾ ਹੋਣ ''ਤੇ ਗਈ ਜਾਨ

Sunday, Nov 15, 2020 - 01:44 PM (IST)

ਯੂਕੇ: ਤਾਲਾਬੰਦੀ ਦੌਰਾਨ ਪਾਰਟੀ ''ਤੇ ਜਾਣਾ ਪਿਆ ਮਹਿੰਗਾ, ਕੋਰੋਨਾ ਹੋਣ ''ਤੇ ਗਈ ਜਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਦੌਰਾਨ ਸਮੂਹਿਕ ਇਕੱਠ 'ਤੇ ਰੋਕ ਲੱਗਣ ਦੇ ਬਾਵਜੂਦ ਵੀ ਕਈ ਲੋਕ ਇਹਨਾਂ ਨਿਯਮਾਂ ਨੂੰ ਤੋੜ ਕੇ ਪਾਰਟੀਆਂ ਆਦਿ ਕਰਦੇ ਹਨ। ਕਈ ਵਾਰ ਇਸ ਤਰ੍ਹਾਂ ਦੀ ਜਾਣ ਬੁੱਝ ਕੇ ਕੀਤੀ ਅਣਗਹਿਲੀ ਉਹਨਾਂ ਨੂੰ ਮੌਤ ਦੇ ਮੂੰਹ ਤੱਕ ਪਹੁੰਚਾ ਦਿੰਦੀ ਹੈ। ਇਸ ਸੰਬੰਧੀ ਅਧਿਕਾਰੀਆਂ ਦੁਆਰਾ ਇਹ ਦਾਅਵਾ ਕੀਤਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਇੱਕ ਪਾਰਟੀ ਵਿੱਚ ਸ਼ਾਮਿਲ ਹੋਏ ਪੰਜ ਵਿਅਕਤੀਆਂ ਦੀ ਬਾਅਦ ਵਿੱਚ ਕੋਰੋਨਾ ਨਾਲ ਪੀੜਤ ਹੋਣ ਕਰਕੇ ਮੌਤ ਹੋ ਗਈ ਹੈ। 

ਇਹ ਵਿਸ਼ਾਲ ਇਕੱਠ ਬਰਮਿੰਘਮ ਵਿੱਚ ਇੱਕ ਅੰਤਿਮ ਸੰਸਕਾਰ ਤੋਂ ਬਾਅਦ ਹੋਇਆ ਸੀ ਜਿਸ ਵਿੱਚ ਮਰਨ ਵਾਲੇ ਵਿਅਕਤੀ ਦੇ ਜੀਵਨ ਦਾ ਜਸ਼ਨ ਮਨਾਉਣ ਲਈ ਭੀੜ ਨਾਜਾਇਜ਼ ਤੌਰ 'ਤੇ ਇਕੱਠੀ ਹੋਈ ਸੀ। ਕੌਂਸਲ ਦੇ ਮੁਖੀ ਦਾ ਕਹਿਣਾ ਹੈ ਕਿ ਇਹ ਸੈਂਕੜੇ ਲੋਕਾਂ ਦੁਆਰਾ ਸ਼ਹਿਰ ਵਿਚ ਵੱਡੇ ਸੰਸਕਾਰ ਕਰਨ ਲਈ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਕਈ ਉਦਾਹਰਣਾਂ ਵਿਚੋਂ ਇੱਕ ਸੀ।

ਪੜ੍ਹੋ ਇਹ ਅਹਿਮ ਖਬਰ- ਦੂਜੇ ਵਿਸ਼ਵ ਯੁੱਧ ਦੌਰਾਨ ਗੁਆਚਿਆ ਬਰੇਸਲੈਟ ਫੇਸਬੁੱਕ ਰਾਹੀਂ ਮਿਲਿਆ ਵਾਪਸ

ਸਿਟੀ ਕੌਂਸਲ ਦੇ ਪੌਲ ਲੈਨਕੇਸਟਰ ਮੁਤਾਬਕ, ਇਸ ਵਿਚ ਸ਼ਾਮਿਲ ਹੋਏ ਪੰਜ ਵਿਅਕਤੀ ਕੋਵਿਡ ਨਾਲ ਅਕਾਲ ਚਲਾਣਾ ਕਰ ਗਏ। ਬਰਮਿੰਘਮ ਵਿੱਚ ਇਸ ਤਰ੍ਹਾਂ ਦੀਆਂ ਉਲੰਘਣਾਵਾਂ ਹੋ ਰਹੀਆਂ ਹਨ ਅਤੇ ਕੌਂਸਲ ਹੁਣ ਅੰਤਿਮ ਸੰਸਕਾਰ ਦੇ ਨਿਯਮਾਂ ਨੂੰ ਤੋੜ ਰਹੇ ਲੋਕਾਂ ਵਿਰੁੱਧ ਕਾਰਵਾਈ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ ਜੇਕਰ ਸੰਸਕਾਰ ਵਿੱਚ 30 ਲੋਕਾਂ ਤੋਂ ਉੱਪਰ ਗੈਰਕਨੂੰਨੀ ਇਕੱਠ ਹੁੰਦਾ ਹੈ ਤਾਂ ਇਸ ਦੇ ਪ੍ਰਬੰਧਕ ਜੁਰਮਾਨੇ ਦੇ ਨੋਟਿਸ ਅਧੀਨ ਆ ਸਕਦੇ ਹਨ।


author

Vandana

Content Editor

Related News