ਯੂਕੇ: ਆਕਸਫੋਰਡ ਕੋਰੋਨਾ ਟੀਕੇ ਦੀ ਸਪਲਾਈ ਲਈ 10,000 ਮੈਡੀਕਲ ਵਲੰਟੀਅਰਾਂ ਦੀ ਭਰਤੀ

Monday, Dec 28, 2020 - 03:32 PM (IST)

ਯੂਕੇ: ਆਕਸਫੋਰਡ ਕੋਰੋਨਾ ਟੀਕੇ ਦੀ ਸਪਲਾਈ ਲਈ 10,000 ਮੈਡੀਕਲ ਵਲੰਟੀਅਰਾਂ ਦੀ ਭਰਤੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਵਧ ਰਹੀ ਕੋਰੋਨਾਵਾਇਰਸ ਦੀ ਲਾਗ ਨੂੰ ਕਾਬੂ ਕਰਨ ਲਈ ਫਾਈਜ਼ਰ ਤੋਂ ਬਾਅਦ ਆਕਸਫੋਰਡ ਦਾ ਕੋਰੋਨਾਵਾਇਰਸ ਟੀਕਾ ਮਨਜੂਰੀ ਮਿਲਣ ਦੀ ਪ੍ਰਕਿਰਿਆ ਵਿੱਚ ਹੈ। ਟੀਕਾਕਰਨ ਨੂੰ ਜਲਦੀ ਨਾਲ ਦੇਸ਼ ਵਿੱਚ ਵੱਡੇ ਪੱਧਰ 'ਤੇ ਸ਼ੁਰੂ ਕਰਨ ਲਈ ਤੇ ਆਕਸਫੋਰਡ ਕੋਰੋਨਾਵਾਇਰਸ ਟੀਕੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵੰਡਣ ਵਿਚ ਸਹਾਇਤਾ ਲਈ ਹਜ਼ਾਰਾਂ ਵਲੰਟੀਅਰ ਮੈਡੀਕਲ ਡਾਕਟਰਾਂ ਦੀ ਇੱਕ ਟੀਮ ਦੀ ਭਰਤੀ ਕੀਤੀ ਗਈ ਹੈ। 

ਇਹ ਨਵਾਂ ਬ੍ਰਿਟਿਸ਼ ਟੀਕਾ ਆਕਸਫੋਰਡ ਦੁਆਰਾ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਨਾਲ ਸਾਂਝੇਦਾਰੀ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਵੇਲੇ ਮਾਹਿਰਾਂ ਦੁਆਰਾ ਮੁਲਾਂਕਣ ਪ੍ਰਕਿਰਿਆ ਅਧੀਨ ਹੈ। ਉਮੀਦ ਹੈ ਕਿ ਇਸ ਨੂੰ ਜਲਦੀ ਹੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਇਸ ਦੇ ਤਹਿਤ ਖੇਡ ਸਟੇਡੀਅਮਾਂ ਅਤੇ ਕਾਨਫਰੰਸ ਸਥਾਨਾਂ 'ਤੇ ਬਣਾਏ ਗਏ ਟੀਕਾਕਰਨ ਕੇਂਦਰਾਂ ਨੂੰ 4 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਰੋਲ ਆਉਟ ਦਾ ਉਦੇਸ਼ ਦਿੱਤਾ ਜਾ ਰਿਹਾ ਹੈ। ਇਸ ਟੀਕੇ ਨੂੰ ਮਨਜੂਰੀ ਮਿਲਣ ਤੋਂ ਬਾਅਦ ਦੇਸ਼ ਭਰ ਵਿੱਚ ਜਲਦੀ ਨਾਲ ਵੰਡਣ ਦੇ ਮੰਤਵ ਨਾਲ ਹਜ਼ਾਰਾਂ ਟੀਕੇ ਲਗਾਉਣ ਵਾਲੇ ਅਤੇ ਸਹਾਇਤਾ ਕਰਮਚਾਰੀ ਭਰਤੀ ਕੀਤੇ ਗਏ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਪਹਿਰਾਵੇ ਨੂੰ ਲੈ ਕੇ ਰੈਸਟੋਰੈਂਟ ਨੇ ਬੀਬੀ ਨੂੰ ਕੱਢਿਆ ਬਾਹਰ, ਸ਼ੇਅਰ ਕੀਤੀ ਪੋਸਟ

ਇਸ ਯੋਜਨਾ ਤਹਿਤ ਮੰਨਿਆ ਜਾਂਦਾ ਹੈ ਕਿ ਅਗਲੇ ਮਹੀਨੇ ਦੇ ਅੱਧ ਤੱਕ ਲੱਗਭਗ 10,000 ਮੈਡੀਕਲ ਵਲੰਟੀਅਰ ਇੱਕ ਹਫ਼ਤੇ ਵਿੱਚ ਘੱਟੋ ਘੱਟ ਇੱਕ ਮਿਲੀਅਨ ਟੀਕਿਆਂ ਨੂੰ ਵੰਡਣ ਲਈ ਭਰਤੀ ਕੀਤੇ ਗਏ ਹਨ। ਬ੍ਰਿਟੇਨ ਪਹਿਲਾਂ ਹੀ ਆਕਸਫੋਰਡ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਨੂੰ ਖਰੀਦ ਚੁੱਕਾ ਹੈ। ਇੱਕ ਰਿਪੋਰਟ ਮੁਤਾਬਕ, ਨਵੀਂ ਟੀਕਾਕਰਨ ਮੁਹਿੰਮ ਦੌਰਾਨ ਸਰਕਾਰ ਟੀਕਾ ਲਗਾਉਣ ਲਈ ਤਰਜੀਹ ਵਾਲੇ ਲੋਕਾਂ ਦੀ ਸੂਚੀ 'ਤੇ ਵੀ ਵਿਚਾਰ ਕਰੇਗੀ। ਇਸ ਸਮੇਂ ਬਜ਼ੁਰਗ, ਕੇਅਰ ਹੋਮ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਪਰ ਅਧਿਆਪਕ ਅਤੇ ਕੁਝ ਹੋਰ ਮਹੱਤਵਪੂਰਨ ਕਰਮਚਾਰੀ ਇਸ ਦੀ ਅਗਲੀ ਸੂਚੀ ਵਿੱਚ ਸ਼ਾਮਲ ਹੋ ਸਕਦੇ ਹਨ।ਆਕਸਫੋਰਡ ਦੇ ਟੀਕੇ ਸੰਬੰਧੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਨਵੇਂ ਸਾਲ ਵਿੱਚ ਵਾਇਰਸ ਦੇ ਫੈਲਣ ਨੂੰ ਨਿਯੰਤਰਣ ਕਰਨ ਦੇ ਉਦੇਸ਼ ਨਾਲ ਇਹ ਟੀਕਾ ਜਲਦੀ ਤੋਂ ਜਲਦੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

ਨੋਟ-- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News