ਯੂਕੇ: ਭਾਰਤੀ ਕੋਰੋਨਾ ਵਾਇਰਸ ਦੇ ਰੂਪਾਂ ਕਾਰਨ ਤਾਲਾਬੰਦੀ ਖਾਤਮੇ ''ਚ ਹੋ ਸਕਦੀ ਹੈ ਦੇਰੀ

05/13/2021 12:19:08 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਮੌਜੂਦਾ ਸਮੇਂ ਕੋਰੋਨਾ ਵਾਇਰਸ ਤਾਲਾਬੰਦੀ ਵਿੱਚੋਂ ਪੜਾਅਵਾਰ ਬਾਹਰ ਨਿਕਲ ਰਿਹਾ ਹੈ। ਕੋਰੋਨਾ ਵਾਇਰਸ ਦੇ ਕੌਮੀ ਪੱਧਰ 'ਤੇ ਘਟ ਰਹੇ ਮਾਮਲਿਆਂ ਅਤੇ ਟੀਕਾਕਰਨ ਕਰਕੇ ਸਰਕਾਰ ਦੁਆਰਾ ਅਗਲੇ ਮਹੀਨੇ ਤੱਕ ਸਾਰੀਆਂ ਤਾਲਾਬੰਦੀ ਪਾਬੰਦੀਆਂ ਨੂੰ ਖਤਮ ਕਰਨ ਦੀ ਉਮੀਦ ਹੈ ਪਰ ਸਿਹਤ ਵਿਗਿਆਨੀਆਂ ਨੂੰ ਖਦਸ਼ਾ ਹੈ ਕਿ ਕੋਰੋਨਾ ਵਾਇਰਸ ਦੇ ਭਾਰਤੀ ਰੂਪਾਂ ਦੇ ਮਾਮਲੇ ਸਾਹਮਣੇ ਆਉਣ ਕਾਰਨ ਤਾਲਾਬੰਦੀ ਤੋਂ ਮੁਕਤੀ ਦੇ ਅੰਤਿਮ ਯੋਜਨਾਬੱਧ ਪੜਾਅ ਵਿੱਚ ਦੇਰੀ ਹੋ ਸਕਦੀ ਹੈ। ਇਹਨਾਂ ਰੂਪਾਂ ਦੀ ਆਮਦ ਇੱਕ ਹਫ਼ਤੇ ਵਿੱਚ ਤਿੰਨ ਗੁਣਾ ਵੱਧ ਦੇਖੀ ਗਈ ਹੈ। 

ਇਸ ਲਈ ਸਰਕਾਰ ਦੀ ਵਿਗਿਆਨਕ ਸਲਾਹਕਾਰ ਕਮੇਟੀ 'ਸੇਜ' ਦੇ ਮੈਂਬਰਾਂ ਨੂੰ ਖਤਰੇ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਇੱਕ ਜ਼ਰੂਰੀ ਮੀਟਿੰਗ ਵਿੱਚ ਬੁਲਾਇਆ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਵਾਇਰਸ ਦੇ ਨਵੇਂ ਰੂਪ ਹੋਰ ਫੈਲਦੇ ਹਨ ਤਾਂ ਸਰਦੀਆਂ ਵਿੱਚ ਵਧੇਰੇ ਦੁੱਖ ਝੱਲਣੇ ਪੈ ਸਕਦੇ ਹਨ। ਵੀਰਵਾਰ ਨੂੰ ਜਾਰੀ ਹੋਣ ਵਾਲੇ ਅੰਕੜਿਆਂ ਵਿੱਚ ਬੀ 1617.2 ਦੇ ਤਕਰੀਬਨ 1,723 ਮਾਮਲਿਆਂ ਦੀ ਪੁਸ਼ਟੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਜੋ ਕਿ ਭਾਰਤੀ ਵਾਇਰਸ ਰੂਪ ਦੇ ਤਿੰਨ ਪ੍ਰਸਾਰਾਂ ਵਿੱਚੋਂ ਇੱਕ ਹੈ। 

ਪੜ੍ਹੋ ਇਹ ਅਹਿਮ ਖਬਰ -ਭਾਰਤੀ-ਅਮਰੀਕੀ ਸਾਂਸਦ ਨੇ ਭਾਰਤ 'ਚ ਕੋਵਿਡ-19 ਸੰਕਟ 'ਤੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ

ਸੇਜ ਦੇ ਇੱਕ ਮੈਂਬਰ ਅਨੁਸਾਰ ਸੋਮਵਾਰ ਨੂੰ ਇੰਗਲੈਂਡ ਵਿੱਚ ਪਾਬੰਦੀਆਂ ਨੂੰ ਸੌਖਾ ਕਰਨ ਲਈ ਤੀਜਾ ਕਦਮ ਅੱਗੇ ਵਧਾਇਆ ਜਾਵੇਗਾ ਅਤੇ 21 ਜੂਨ ਨੂੰ ਚੌਥੇ ਅਤੇ ਅੰਤਿਮ ਕਦਮ ਤੋਂ ਪਹਿਲਾਂ ਭਾਰਤੀ ਵਾਇਰਸ ਦੇ ਰੂਪਾਂ ਬਾਰੇ ਚਿੰਤਾਵਾਂ ਵਧ ਸਕਦੀਆਂ ਹਨ, ਜਿਸ ਨਾਲ ਦੇਰੀ ਸੰਭਵ ਹੋ ਸਕਦੀ ਹੈ। ਵਾਇਰਸ ਦੇ ਇਹਨਾਂ ਨਵੇਂ ਰੂਪਾਂ ਨੂੰ ਟਰੈਕ ਕਰਨ ਵਾਲੇ ਵਿਗਿਆਨੀਆਂ ਨੇ 1,723 ਕੇਸਾਂ ਦੀ ਪਛਾਣ ਕੀਤੀ ਹੈ, ਜੇ ਇਹਨਾਂ ਅੰਕੜਿਆਂ ਦੀ ਪਬਲਿਕ ਹੈਲਥ ਇੰਗਲੈਂਡ ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਇਹ ਪਿਛਲੇ ਹਫ਼ਤੇ ਦੀ ਗਿਣਤੀ 520 ਨਾਲੋਂ ਤਿੰਨ ਗੁਣਾ ਵੱਧ ਹੋਵੇਗੀ। ਸਿਹਤ ਅਧਿਕਾਰੀਆਂ ਵੱਲੋਂ ਤਿੰਨੋਂ ਭਾਰਤੀ ਕੋਵਿਡ ਰੂਪਾਂ ਨੂੰ  ਬੀ 1617.1, ਬੀ 1617.2 ਅਤੇ ਬੀ 1617.3 ਵਜੋਂ ਜਾਣਿਆ ਜਾਂਦਾ ਹੈ ਅਤੇ ਇਹਨਾਂ ਨੂੰ ਜਾਂਚ ਅਧੀਨ ਦੱਸਿਆ ਹੈ। ਇਹ ਵੇਰੀਐਂਟ ਜਿਆਦਾਤਰ ਬੋਲਟਨ, ਗ੍ਰੇਟਰ ਮਾਨਚੇਸਟਰ ਆਦਿ ਵਿੱਚ ਫੈਲ ਰਹੇ ਹਨ, ਜਿੱਥੇ ਟੈਸਟਿੰਗ ਅਤੇ ਟੀਕਾ ਮੁਹਿੰਮ ਚਲਾਈ ਜਾ ਰਹੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News