ਯੂਕੇ: ਲਿਥੀਅਮ ਦੀ ਕਮੀ ਕਾਰਨ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਦੀ ਗਤੀ ਹੋ ਸਕਦੀ ਹੈ ਮੱਠੀ
Wednesday, Aug 04, 2021 - 01:19 PM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਜਲਵਾਯੂ ਤਬਦੀਲੀ ਦੇ ਮੱਦੇਨਜ਼ਰ ਆਉਂਦੇ ਸਾਲਾਂ ਦੌਰਾਨ ਇਲੈਕਟ੍ਰਿਕ ਵਾਹਨਾਂ ਦੇ ਵਧੇਰੇ ਉਤਪਾਦਨ ਦੇ ਟੀਚੇ ਮਿੱਥੇ ਗਏ ਹਨ। ਪਰ ਮਾਹਰਾਂ ਅਨੁਸਾਰ ਕਾਰਾਂ ਦੀਆਂ ਬੈਟਰੀਆਂ ਲਈ ਲੋੜੀਂਦੀ ਲਿਥੀਅਮ ਦੀ ਵਿਸ਼ਵਵਿਆਪੀ ਘਾਟ ਕਾਰਨ ਯੂਕੇ ਦੇ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਵਿਕਰੀ ਅਤੇ ਉਤਪਾਦਨ ਦੀ ਗਤੀ ਅਗਲੇ ਕੁੱਝ ਸਾਲਾਂ ਵਿਚ ਹੌਲੀ ਹੋ ਸਕਦੀ ਹੈ। ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਾਰ ਉਤਪਾਦਨ ਕੰਪਨੀਆਂ ਜੀ. ਐੱਮ. ਅਤੇ ਸਟੈਲੇਂਟਿਸ, ਜੋ ਕਿ ਪੀਜਟ, ਫੀਏਟ ਅਤੇ ਸਿਟਰਨ ਦੇ ਮਾਲਕ ਹਨ, ਨੇ ਅਗਲੇ ਚਾਰ ਸਾਲਾਂ ਵਿਚ ਵਾਹਨਾਂ ਦੇ ਬਿਜਲੀ ਕਰਨ ਵਿਚ ਕ੍ਰਮਵਾਰ 21.6 ਬਿਲੀਅਨ ਅਤੇ 25.2 ਬਿਲੀਅਨ ਪੌਂਡ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਪਰ ਇਸ ਕੰਮ ਲਈ ਲਿਥੀਅਮ ਸਮੇਤ ਕੱਚੇ ਮਾਲ ਦੀ ਲੰਮੇ ਸਮੇਂ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ।
ਮਾਹਰਾਂ ਅਨੁਸਾਰ 2025 ਤੱਕ ਲਿਥੀਅਮ ਦੀ ਮੰਗ ਤਿੰਨ ਗੁਣਾ ਹੋ ਕੇ 10 ਲੱਖ ਟਨ ਪ੍ਰਤੀ ਸਾਲ ਹੋ ਸਕਦੀ ਹੈ ਅਤੇ ਫਿਰ 2030 ਤੱਕ ਦੁਬਾਰਾ 20 ਲੱਖ ਟਨ ਪ੍ਰਤੀ ਸਾਲ ਹੋ ਸਕਦੀ ਹੈ, ਕਿਉਂਕਿ ਯੂਕੇ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਮਾਹਰਾਂ ਅਨੁਸਾਰ ਆਮ ਲਿਥੀਅਮ ਖਾਨ 30,000 ਟਨ ਪ੍ਰਤੀ ਸਾਲ ਇਸ ਦਾ ਉਤਪਾਦਨ ਕਰਦੀ ਹੈ, ਇਸ ਲਈ ਮੰਗ ਦੇ ਨਾਲ ਗਤੀ ਬਣਾਈ ਰੱਖਣ ਲਈ ਮਾਰਕੀਟ ਨੂੰ ਪ੍ਰਤੀ ਸਾਲ ਲਗਭਗ 4 ਨਵੀਆਂ ਲਿਥੀਅਮ ਖਾਨਾਂ ਦੀ ਜ਼ਰੂਰਤ ਹੈ। ਇਸ ਦੇ ਇਲਾਵਾ ਲਿਥੀਅਮ ਦੀਆਂ ਖਾਨਾਂ ਨੂੰ ਖੋਜਣ, ਵਿਕਸਤ ਕਰਨ ਅਤੇ ਉਤਪਾਦਨ ਯੋਗ ਬਨਾਉਣ ਲਈ 5 ਤੋਂ 7 ਸਾਲ ਲੱਗਦੇ ਹਨ। ਯੂਕੇ ਯੂਰਪ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਈ. ਵੀ. ਬਾਜ਼ਾਰਾਂ ਵਿਚੋਂ ਇਕ ਹੈ, ਜਿਸ ਵਿਚ ਇਲੈਕਟ੍ਰਿਕ ਵਾਹਨ ਯੂਕੇ ਦੀ ਮਾਰਕੀਟ ਦਾ 11 ਪ੍ਰਤੀਸ਼ਤ ਹਿੱਸਾ ਹਨ। ਮੋਟਰ ਨਿਰਮਾਤਾ ਸੁਸਾਇਟੀ ਅਨੁਸਾਰ, ਬੈਟਰੀ ਵਾਲੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 186% ਵਧ ਕੇ 108,000 ਵਾਹਨਾਂ 'ਤੇ ਪਹੁੰਚ ਗਈ ਹੈ। ਯੂਕੇ ਵਿਚ ਇਲੈਕਟ੍ਰਿਕ ਵਾਹਨਾਂ ਲਈ ਲਿਥੀਅਮ ਦਾ ਵੱਡਾ ਹਿੱਸਾ ਇਸ ਸਮੇਂ ਆਸਟਰੇਲੀਆ ਅਤੇ ਦੱਖਣੀ ਅਮਰੀਕਾ ਤੋਂ ਆ ਰਿਹਾ ਹੈ।