ਯੂ. ਕੇ. : ਸਭ ਤੋਂ ਪ੍ਰਭਾਵਸ਼ਾਲੀ ਕਾਲੇ ਮੂਲ ਦੇ ਲੋਕਾਂ ਦੀ ਸੂਚੀ ਜਾਰੀ, ਜੈਕੀ ਰਾਈਟ ਪਹਿਲੇ ਸਥਾਨ ’ਤੇ ਰਹੀ

Saturday, Oct 16, 2021 - 04:16 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਸਭ ਤੋਂ ਪ੍ਰਭਾਵਸ਼ਾਲੀ ਕਾਲੇ ਮੂਲ ਦੇ ਲੋਕਾਂ ਨਾਲ ਸਬੰਧਿਤ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ ਡੇਨੀਅਲ ਕਾਲੂਆ ਅਤੇ ਫੁੱਟਬਾਲ ਖਿਡਾਰੀ ਮਾਰਕਸ ਰੈਸ਼ਫੋਰਡ ਨੂੰ ਯੂ. ਕੇ. ਦੇ ਸਭ ਤੋਂ ਪ੍ਰਭਾਵਸ਼ਾਲੀ ਕਾਲੇ ਲੋਕਾਂ ’ਚ ਸ਼ਾਮਲ ਕੀਤਾ ਗਿਆ ਹੈ। ‘ਦਿ ਪਾਵਰਲਿਸਟ 2022’ ਦੀ ਇਸ ਸੂਚੀ ’ਚ ਮਾਈਕ੍ਰੋਸਾਫਟ ਦੀ ਵਾਈਸ ਪ੍ਰੈਜ਼ੀਡੈਂਟ ਤੇ ਚੀਫ ਡਿਜੀਟਲ ਅਫਸਰ ਜੈਕੀ ਰਾਈਟ ਨੂੰ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ। ਪਾਵਰਫੁੱਲ ਮੀਡੀਆ ਦੇ ਅਨੁਸਾਰ ਰਾਈਟ ਆਪਣੇ ਕੰਮ ਦੇ ਵਿਸ਼ਾਲ ਪੱਧਰ ਲਈ ਇਸ ਰੈਂਕਿੰਗ ਦੇ ਸਿਖਰ ’ਤੇ ਆਈ ਹੈ। ਇਸ ਸਬੰਧੀ ਰਾਈਟ ਨੇ ਵੀ ‘ਪਾਵਰਲਿਸਟ 2022’ ਵਿਚ ਨੰਬਰ ਇਕ ਸਥਾਨ ਪ੍ਰਾਪਤ ਕਰਨ ਨੂੰ ਆਪਣੇ ਲਈ ਇਕ ਮਾਣ ਵਾਲੀ ਗੱਲ ਦੱਸਿਆ ਹੈ। ਇਸ ਸੂਚੀ ’ਚ ਸ਼ਾਮਲ ਹੋਰਨਾਂ ’ਚ ਲੰਡਨ ਦੇ ਪਬਲਿਕ ਹੈਲਥ ਇੰਗਲੈਂਡ ਦੇ ਡਾਇਰੈਕਟਰ ਪ੍ਰੋਫੈਸਰ ਕੇਵਿਨ ਫੈਂਟਨ, ਸਮਾਨਤਾ ਕਾਰਕੁੰਨ ਲਾਰਡ ਸਾਈਮਨ ਵੂਲੀ ਅਤੇ ਕਾਮੇਡੀਅਨ ਸਰ ਲੈਨੀ ਹੈਨਰੀ ਸ਼ਾਮਲ ਹਨ।

ਪਾਵਰਲਿਸਟ ਨੂੰ ‘ਪਾਵਰਫੁੱਲ ਮੀਡੀਆ’ ਵੱਲੋਂ 2007 ’ਚ ਕਾਲੇ ਮੂਲ ਦੇ ਲੋਕਾਂ ਨੂੰ ਇਕ ਰੋਲ ਮਾਡਲ ਦਿਖਾਉਣ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਸੂਚੀ ਲਈ ਨਾਮਜ਼ਦ ਵਿਅਕਤੀਆਂ ਦਾ ਮੁਲਾਂਕਣ, ਕਾਲੇ ਮੂਲ ਦੇ ਡਾਕਟਰਾਂ, ਵਕੀਲਾਂ ਅਤੇ ਕੰਪਨੀ ਨਿਰਦੇਸ਼ਕਾਂ ਆਦਿ ਦੇ ਇਕ ਪੈਨਲ ਵੱਲੋਂ ਕੀਤਾ ਜਾਂਦਾ ਹੈ, ਜੋ ਇਸ ਗੱਲ ਦੇ ਆਧਾਰ ’ਤੇ ਫ਼ੈਸਲਾ ਕਰਦੇ ਹਨ ਕਿ ਇਹ ਨਾਮਜ਼ਦ ਵਿਅਕਤੀ ਆਪਣੀ ਮੁਹਾਰਤ ਦੇ ਖੇਤਰ ’ਚ ਕਿੰਨੇ ਪ੍ਰਭਾਵਸ਼ਾਲੀ ਹਨ।


Manoj

Content Editor

Related News