ਯੂਕੇ: ਭਾਰਤੀ ਮੂਲ ਦੇ ਵਕੀਲ ਨੂੰ ਅਪਰਾਧਿਕ ਮਾਮਲੇ ''ਚ 2.8 ਕਰੋੜ ਪੌਂਡ ਦਾ ਭੁਗਤਾਨ ਕਰਨ ਦਾ ਹੁਕਮ
Wednesday, Jul 26, 2023 - 12:40 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੀ ਇਕ ਅਦਾਲਤ ਨੇ ਇਕ ਦਹਾਕਾ ਪਹਿਲਾਂ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਵਕੀਲ ਨੂੰ ਅਪਰਾਧਿਕ ਗਤੀਵਿਧੀਆਂ ਦੇ ਸਬੰਧ ਵਿਚ 2.8 ਕਰੋੜ ਪੌਂਡ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਭਦਰੇਸ਼ ਗੋਹਿਲ (58) ਨੂੰ ਮਨੀ ਲਾਂਡਰਿੰਗ ਅਤੇ ਨਾਈਜੀਰੀਅਨ ਸਿਆਸਤਦਾਨ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਧੋਖਾਧੜੀ ਦੀ ਸਾਜ਼ਿਸ਼ ਰਚਣ ਲਈ 2010 ਵਿੱਚ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
ਸੋਮਵਾਰ ਨੂੰ ਲੰਡਨ ਦੀ ਸਾਊਥਵਾਰਕ ਕਰਾਊਨ ਕੋਰਟ 'ਚ ਲੰਮੀ ਸੁਣਵਾਈ ਸਮਾਪਤ ਹੋਣ 'ਤੇ ਇਸਤਗਾਸਾ ਪੱਖ ਨੇ ਕਿਹਾ ਕਿ ਗੋਹਿਲ ਨੇ 4.24 ਕਰੋੜ ਪੌਂਡ ਦਾ ਮੁਨਾਫਾ ਹੋਇਆ ਸੀ। ਜੱਜ ਨੇ ਕਿਹਾ ਕਿ ਗੋਹਿਲ 2.8 ਕਰੋੜ ਪੌਂਡ ਦਾ ਭੁਗਤਾਨ ਕਰ ਸਕਦੇ ਹਨ ਜਾਂ ਫਿਰ 6 ਸਾਲ ਵਾਧੂ ਸਜ਼ਾ ਕੱਟ ਸਕਦੇ ਹਨ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 2.8 ਕਰੋੜ ਪੌਂਡ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ।