ਯੂਕੇ: ਕੋਰੋਨਾ ਮਹਾਮਾਰੀ ਦੌਰਾਨ ਬੀਬੀਆਂ ''ਚ ਵਿੱਚ ਵਧੀ ਜੂਆ ਖੇਡਣ ਦੀ ਲਤ
Sunday, Aug 01, 2021 - 12:25 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਿਆਦਾਤਰ ਬੀਬੀਆਂ ਵਿੱਚ ਜੂਏ ਦੀ ਲਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਨੈਸ਼ਨਲ ਗੈਂਬਲਿੰਗ ਹੈਲਪਲਾਈਨ 'ਗੈਮਕੇਅਰ' ਦੇ ਨਵੇਂ ਅੰਕੜਿਆਂ ਅਨੁਸਾਰ ਮਹਾਮਾਰੀ ਦੌਰਾਨ ਜੂਏ ਦੀ ਲਤ ਕਾਰਨ ਸਹਾਇਤਾ ਮੰਗਣ ਵਾਲੀਆਂ ਬੀਬੀਆਂ ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਕੋਵਿਡ ਸੰਕਟ ਦੌਰਾਨ ਬੀਬੀਆਂ ਦੀ ਜੂਏ ਦੀ ਲਤ ਲਈ ਸਹਾਇਤਾ ਦੀ ਲੋੜ ਵਿੱਚ ਚਾਰ ਪ੍ਰਤੀਸ਼ਤ ਵਾਧਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ 2,764 ਬੀਬੀਆਂ ਨੇ 2019-2020 ਵਿੱਚ ਗੈਮਕੇਅਰ ਦੁਆਰਾ ਚਲਾਈ ਗਈ ਹੈਲਪਲਾਈਨ ਨਾਲ ਸੰਪਰਕ ਕੀਤਾ, ਜਦਕਿ ਇਹ ਗਿਣਤੀ 2020-2021 ਵਿੱਚ ਵੱਧ ਕੇ 3,005 ਹੋ ਗਈ।
ਗੈਮਕੇਅਰ ਦੇ ਬੀਬੀ ਪ੍ਰੋਗਰਾਮ ਦੀ ਮੈਨੇਜਰ ਮਰੀਨਾ ਸਮਿਥ ਨੇ ਜਾਣਕਾਰੀ ਦਿੱਤੀ ਕਿ ਮਦਦ ਲਈ ਪਹੁੰਚਣ ਵਾਲੀਆਂ ਬੀਬੀਆਂ ਦੇ ਵਾਧੇ ਨੂੰ ਤਾਲਾਬੰਦੀ ਨਾਲ ਜੋੜਿਆ ਜਾ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਘਰ ਵਿੱਚ ਜ਼ਿਆਦਾ ਸਮਾਂ ਆਨਲਾਈਨ ਬਿਤਾਉਣ ਲਈ ਮਜਬੂਰ ਹੋਣਾ ਪਿਆ ਹੈ। ਇਸ ਸੰਸਥਾ ਅਨੁਸਾਰ ਮਹਾਮਾਰੀ ਦੌਰਾਨ ਬੀਬੀਆਂ ਨੇ ਵਧੇਰੇ ਸਮਾਂ ਘਰ ਦੇ ਅੰਦਰ ਬਿਤਾਇਆ ਹੈ ਜਿੱਥੇ ਉਹ ਸਿਰਫ ਫੋਨ ਦੀ ਮਦਦ ਨਾਲ ਜੂਏ ਦੇ ਸਰੋਤਾਂ ਤੱਕ ਪਹੁੰਚ ਸਕਦੀਆਂ ਸਨ।
ਪੜ੍ਹੋ ਇਹ ਅਹਿਮ ਖਬਰ-ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ 7ਵੀਂ ਵਾਰ ਬਣਨਗੇ ਪਿਤਾ, ਪਤਨੀ ਕੈਰੀ ਨੇ ਦਿੱਤੀ ਖੁਸ਼ਖ਼ਬਰੀ
ਇਸਦੇ ਇਲਾਵਾ ਮਹਾਮਾਰੀ ਦੌਰਾਨ ਬਹੁਤ ਸਾਰੀਆਂ ਬੀਬੀਆਂ ਆਪਣੇ ਦੋਸਤਾਂ, ਪਰਿਵਾਰ ਅਤੇ ਸਹਿਕਰਮੀਆਂ ਤੋਂ ਵੱਖ ਹੋ ਗਈਆਂ ਹਨ ਅਤੇ ਇਸ ਨਾਲ ਜੂਏਬਾਜ਼ੀ ਤੋਂ ਮੁੜ ਉਭਰਨਾ ਵਧੇਰੇ ਮੁਸ਼ਕਲ ਹੋ ਸਕਦਾ ਹੈ। ਇਸ ਲਈ ਜੂਏ ਤੋਂ ਛੁਟਕਾਰਾ ਪਾਉਣ ਲਈ ਸਮਾਜਿਕ ਸਹਾਇਤਾ ਬਹੁਤ ਮਹੱਤਵਪੂਰਨ ਹੈ। ਅੰਕੜਿਆਂ ਕਰਕੇ ਇਹ ਵੀ ਸਾਹਮਣੇ ਆਇਆ ਹੈ ਕਿ ਕਾਲੇ ਅਤੇ ਘੱਟ ਗਿਣਤੀ ਨਸਲੀ ਭਾਈਚਾਰਿਆਂ ਦੀਆਂ ਬੀਬੀਆਂ ਘੱਟ ਜੂਆ ਖੇਡਦੀਆਂ ਹਨ।