ਬ੍ਰਿਟੇਨ ''ਚ ਜਾਅਲੀ ਫੇਸਬੁੱਕ ਖਾਤੇ ਨਾਲ ਬਲੈਕਮੇਲ ਕਰਨ ਦੇ ਦੋਸ਼ ਹੇਠ ਫੁੱਟਬਾਲ ਕੋਚ ਗ੍ਰਿਫਤਾਰ
Tuesday, Nov 24, 2020 - 05:12 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਅਜੋਕੇ ਸਮੇਂ ਵਿੱਚ ਬਿਨਾਂ ਸ਼ੱਕ ਫੇਸਬੁੱਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਚ ਕ੍ਰਾਂਤੀ ਲਿਆਂਦੀ ਹੈ। ਜਿੱਥੇ ਲੋਕ ਇਸ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਵਰਤੋਂ ਵਿੱਚ ਲਿਆਉਂਦੇ ਹਨ, ਉੱਥੇ ਹੀ ਕਈ ਇਸ ਦੀ ਦੁਰਵਰਤੋਂ ਵੀ ਕਰਦੇ ਹਨ। ਬ੍ਰਿਟੇਨ ਵਿੱਚ ਇਸ ਅਜੋਕੀ ਖੋਜ ਦੀ ਗਲਤ ਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਇਸ ਦਾ ਨਕਲੀ ਖਾਤਾ ਖੋਲ੍ਹ ਕੇ ਲਗਭੱਗ 5000 ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ।
ਬ੍ਰਿਟੇਨ ਦੇ ਕਿੰਗਜ਼ ਲਿਨ, ਨਾਰਫੋਕ ਵਿੱਚ ਯੂਥ ਟੀਮ ਦੇ ਫੁੱਟਬਾਲ ਕੋਚ ਡੇਵਿਡ ਵਿਲਸਨ (36) ਨੂੰ ਚਾਰ ਤੋਂ 14 ਸਾਲ ਦੇ ਬੱਚਿਆਂ ਨੂੰ ਬਲੈਕਮੇਲ ਕਰਨ ਦੇ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।ਆਪਣੀ ਇਸ ਹਰਕਤ ਵਿੱਚ ਉਸਨੇ ਪਹਿਲਾਂ ਨਾਬਾਲਗ ਨੌਜਵਾਨਾਂ ਨੂੰ ਇੱਕ ਕੁੜੀ ਦੇ ਨਕਲੀ ਖਾਤੇ ਰਾਹੀਂ ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਤੋਂ ਬਾਅਦ ਉਨ੍ਹਾਂ ਤੋਂ ਵੀਡੀਓ ਮੰਗਵਾ ਕੇ ਬਲੈਕਮੇਲ ਕੀਤਾ। ਵਿਲਸਨ ਨੇ ਇਸ ਕੰਮ ਲਈ ਅਣ ਅਧਿਕਾਰਿਤ ਫੋਨ ਦੀ ਵਰਤੋਂ ਕੀਤੀ। ਇਪਸਵਿਚ ਕ੍ਰਾਊਨ ਕੋਰਟ ਵਿਚ ਪੇਸ਼ ਹੋਣ 'ਤੇ ਉਸ 'ਤੇ 51 ਪੀੜਤ ਬੱਚਿਆਂ 'ਤੇ ਲਗਭਗ 96 ਵਾਰ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ।
ਪੜ੍ਹੋ ਇਹ ਅਹਿਮ ਖਬਰ- ਵਿਦੇਸ਼ ਜਾਣ ਵਾਲੇ ਭਾਰਤੀਆਂ ਲਈ ਚੰਗੀ ਖ਼ਬਰ, 'ਉਮੰਗ' ਐਪ ਦਾ ਅੰਤਰਰਾਸ਼ਟਰੀ ਵਰਜ਼ਨ ਜਾਰੀ
ਨੈਸ਼ਨਲ ਕ੍ਰਾਈਮ ਏਜੰਸੀ ਮੁਤਾਬਕ, ਐਨ.ਸੀ.ਏ. ਦੀ ਹੁਣ ਤੱਕ ਦੀ ਪੜਤਾਲ ਵਿੱਚ ਇਹ ਇੱਕ ਘਟੀਆ ਹਰਕਤ ਹੈ। ਇਸ ਮਾਮਲੇ ਵਿੱਚ 500 ਦੇ ਕਰੀਬ ਮੁੰਡੇ ਉਸ ਨੂੰ ਇਤਰਾਜ਼ਯੋਗ ਸਮੱਗਰੀ ਭੇਜ ਰਹੇ ਹਨ ਅਤੇ ਵਿਸ਼ਵਵਿਆਪੀ ਪੱਧਰ 'ਤੇ 5,000 ਤੋਂ ਵੱਧ ਬੱਚਿਆਂ ਦੀ ਸਮੱਗਰੀ ਉਸ ਕੋਲ ਪਹੁੰਚਣ ਦੇ ਸਬੂਤ ਹਨ। ਏਜੰਸੀ ਮੁਤਾਬਕ, ਇਸ ਮਾਮਲੇ ਕਰਕੇ ਕਈ ਬੱਚਿਆਂ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਵਿਲਸਨ ਨੇ ਇਹ ਅਪਰਾਧ ਮਈ 2016 ਅਤੇ ਅਪ੍ਰੈਲ 2020 ਦੇ ਵਿਚਕਾਰ ਕੀਤੇ। ਜੂਨ ਅਤੇ ਜੁਲਾਈ 2017 ਵਿੱਚ ਫੇਸਬੁੱਕ ਨੇ 12 ਤੋਂ 15 ਸਾਲ ਦੇ ਮੁੰਡਿਆਂ ਦੇ 20 ਖਾਤਿਆਂ ਦੀ ਪਛਾਣ ਕੀਤੀ, ਜਿਨ੍ਹਾਂ ਦੇ ਖਾਤੇ ਵਿੱਚ ਅਸ਼ਲੀਲ ਤਸਵੀਰਾਂ ਭੇਜੀਆਂ ਸਨ ਜੋ ਕਿ ਇਕ 13 ਸਾਲ ਦੀ ਕੁੜੀ ਨਾਲ ਸਬੰਧਤ ਸਨ।
ਦੋਸ਼ੀ ਵਿਲਸਨ ਨੂੰ ਸ਼ੁਰੂਆਤੀ ਤੌਰ 'ਤੇ ਅਗਸਤ 2017 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਹ ਜ਼ਮਾਨਤ 'ਤੇ ਰਿਹਾ ਹੋ ਗਿਆ ਸੀ। ਐਨ ਸੀ ਏ ਨੇ ਵਿਲਸਨ ਦੇ ਖ਼ਿਲਾਫ਼ ਪ੍ਰਮੁੱਖ ਸਬੂਤ ਜਿਸ ਵਿੱਚ ਅਪਰਾਧ ਕਰਨ ਲਈ ਵਰਤੇ ਜਾਂਦੇ ਆਈ ਪੀ ਐਡਰੈਸ ਅਤੇ ਝੂਠੇ ਸੋਸ਼ਲ ਮੀਡੀਆ ਦਾ ਆਨਲਾਈਨ ਸਿਸਟਮ (ਜੋ ਉਸ ਦੇ ਘਰ ਵਿੱਚ ਸੀ) ਦਾ ਖੁਲਾਸਾ ਕੀਤਾ ਹੈ। ਇਸ ਕੇਸ ਸੰਬੰਧੀ ਜੱਜ ਰੁਪਰਟ ਓਵਰਬਰੀ ਨੇ ਕੇਸ ਦੀ ਸੁਣਵਾਈ ਨੂੰ 12 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ।