ਯੂਕੇ: 2021 ਦੀ ਜਨਗਣਨਾ ਸੰਬੰਧੀ ਫਾਰਮ ਭਰਨ ''ਚ ਅਸਫਲ ਰਹਿਣ ''ਤੇ ਹੋ ਸਕਦਾ ਹੈ ਜੁਰਮਾਨਾ

Friday, Mar 19, 2021 - 02:09 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ 21 ਮਾਰਚ ਵਾਲੇ ਦਿਨ ਐਤਵਾਰ ਨੂੰ ਮਰਦਮਸ਼ੁਮਾਰੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਇਸ ਸੰਬੰਧੀ ਲੋਕਾਂ ਨੂੰ ਮਰਦਮਸ਼ੁਮਾਰੀ ਫਾਰਮ ਭਰਨ ਦੀ ਅਪੀਲ ਦੇ ਨਾਲ ਫਾਰਮ ਭੇਜਣ ਵਿੱਚ ਅਸਫਲ ਰਹਿਣ ਵਾਲਿਆਂ ਨੂੰ 1000 ਪੌਂਡ ਤੱਕ ਦੇ ਜੁਰਮਾਨਾ ਦੀ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ। 

ਇਸ ਸੰਬੰਧੀ ਲੋਕਾਂ ਨੂੰ 21 ਮਾਰਚ ਐਤਵਾਰ ਨੂੰ ਮਰਦਮਸ਼ੁਮਾਰੀ ਦੇ ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਫਾਰਮ ਭਰਨ ਦੀ ਬੇਨਤੀ ਕੀਤੀ ਜਾ ਰਹੀ ਹੈ। ਇਸ ਫਾਰਮ ਨੂੰ ਇੱਕ ਪ੍ਰਸ਼ਨਾਵਲੀ ਰਾਹੀਂ ਆਨਲਾਈਨ ਜਾਂ ਡਾਕ ਵਿੱਚ ਭੇਜਿਆ ਗਿਆ ਹੈ। ਮਰਦਮਸ਼ੁਮਾਰੀ, ਜੋ ਹਰ 10 ਸਾਲਾਂ ਵਿੱਚ ਸਾਰੇ ਘਰਾਂ ਦਾ ਸਰਵੇ ਕਰਦੀ ਹੈ, ਹਰ ਖੇਤਰ ਵਿੱਚ ਜਨਤਕ ਸੇਵਾਵਾਂ ਲਈ ਫੰਡ ਨਿਰਧਾਰਤ ਕਰਨ ਵਿੱਚ ਸਹਾਇਤਾ ਕਰਦੀ ਹੈ। ਓ.ਐਨ.ਐਸ. ਸਿਰਫ ਇੰਗਲੈਂਡ ਅਤੇ ਵੇਲਜ਼ ਦਾ ਜਨਗਣਨਾ ਸਰਵੇਖਣ ਚਲਾਉਂਦਾ ਹੈ, ਜਦਕਿ  ਉੱਤਰੀ ਆਇਰਲੈਂਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਵੇਰਵੇ ਦਾਖਲ ਕਰਨ ਲਈ ਉੱਤਰੀ ਆਇਰਲੈਂਡ ਦੇ ਅੰਕੜੇ ਅਤੇ ਖੋਜ ਏਜੰਸੀ ਦੀ ਵੈਬਸਾਈਟ 'ਤੇ ਜਾਣਾ ਪਵੇਗਾ। 

ਪੜ੍ਹੋ ਇਹ ਅਹਿਮ ਖਬਰ - ਇਟਲੀ : ਪੰਜਾਬ ਦੀ ਧੀ ਯੈਸਮੀਨ ਇੰਗਲੈਂਡ ਯੂਨੀਵਰਸਿਟੀ ਚੋਣ ਜਿੱਤ ਕੇ ਬਣੀ ਵਾਇਸ ਪ੍ਰੈਜੀਡੈਂਟ

ਇਸ ਦੇ ਇਲਾਵਾ ਸਕਾਟਲੈਂਡ ਵਿੱਚ ਕੋਵਿਡ-19 ਲਾਗ ਦੀ ਬੀਮਾਰੀ ਦੇ ਪ੍ਰਭਾਵ ਕਾਰਨ ਮਰਦਮਸ਼ੁਮਾਰੀ 2022 ਵਿੱਚ ਤਬਦੀਲ ਕੀਤੀ ਗਈ ਹੈ। ਸਰਕਾਰ ਅਨੁਸਾਰ ਜੋ ਲੋਕ ਮਰਦਮਸ਼ੁਮਾਰੀ ਦਿਵਸ 'ਤੇ ਜਾਂ ਇਸ ਤੋਂ ਤੁਰੰਤ ਬਾਅਦ ਵਿੱਚ ਆਪਣਾ ਫਾਰਮ ਜਮ੍ਹਾ ਕਰਾਉਣ 'ਚ ਅਸਫਲ ਰਹਿੰਦੇ ਹਨ, ਉਨ੍ਹਾਂ ਨਾਲ ਇੱਕ ਮਰਦਮਸ਼ੁਮਾਰੀ ਅਧਿਕਾਰੀ ਵੱਲੋਂ ਸੰਪਰਕ ਕੀਤਾ ਜਾਵੇਗਾ, ਜੋ ਉਨ੍ਹਾਂ ਨੂੰ ਇਸ ਫਾਰਮ ਨੂੰ ਪੂਰਾ ਕਰਨ ਲਈ ਸਹਾਇਤਾ ਦੀ ਪੇਸ਼ਕਸ਼ ਕਰਨਗੇ। ਇਸ ਕਾਰਵਾਈ ਦੇ ਬਾਅਦ, ਜਿਹੜੇ ਲੋਕ ਫਾਰਮ ਵਾਪਸ ਕਰਨ ਵਿੱਚ ਅਸਫਲ ਰਹਿੰਦੇ ਹਨ, ਉਹਨਾਂ ਨਾਲ ਸਰਕਾਰ ਦੀ ਇੱਕ ਟੀਮ ਦੁਆਰਾ ਸੰਪਰਕ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਮੁਕੱਦਮਾ ਵੀ ਚਲਾਇਆ ਜਾ ਸਕਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News