ਯੂਕੇ: ''ਓਮੀਕਰੋਨ'' ਵੇਰੀਐਂਟ ਤੋਂ ਸੁਰੱਖਿਆ ਲਈ ਲੋਕਾਂ ਨੂੰ ਕੀਤੀ ਜਾਵੇਗੀ ਬੂਸਟਰ ਖ਼ੁਰਾਕ ਦੀ ਪੇਸ਼ਕਸ਼
Tuesday, Nov 30, 2021 - 05:20 PM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਇਸ ਵੇਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੀਆਂ ਚਿੰਤਾਵਾਂ ਨਾਲ ਜੂਝ ਰਿਹਾ ਹੈ। ਇਸ ਵਾਇਰਸ ਦੇ ਰੂਪ ਤੋਂ ਵਧੇਰੇ ਸੁਰੱਖਿਆ ਦੇ ਮੱਦੇਨਜ਼ਰ ਯੂਕੇ ਵਿਚ ਸਾਰੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਖੁਰਾਕ ਦੀ ਪੇਸ਼ਕਸ਼ ਕੀਤੀ ਜਾਵੇਗੀ। ਯੂਕੇ ਵਿਚ ਟੀਕਾਕਰਨ ਸਬੰਧੀ ਸਾਂਝੀ ਕਮੇਟੀ (ਜੇ. ਸੀ. ਵੀ. ਆਈ.) ਨੇ ਬੂਸਟਰ ਰੋਲਆਊਟ ਨੂੰ ਵਧਾਉਣ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਹਨ, ਜਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਵੈਕਸੀਨ ਦੀ ਦੂਜੀ ਖ਼ੁਰਾਕ ਅਤੇ ਬੂਸਟਰ ਵਿਚਕਾਰ ਘੱਟੋ-ਘੱਟ ਅੰਤਰਾਲ ਨੂੰ 6 ਮਹੀਨੇ ਤੋਂ ਘਟਾ ਕੇ 3 ਮਹੀਨੇ ਕੀਤਾ ਜਾਣਾ ਚਾਹੀਦਾ ਹੈ।
ਇਸ ਦੇ ਇਲਾਵਾ ਸਿਹਤ ਮਾਹਰਾਂ ਅਨੁਸਾਰ 12-15 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਦੂਜੀ ਖ਼ੁਰਾਕ ਲਈ ਬੁਲਾਇਆ ਜਾਣਾ ਚਾਹੀਦਾ ਹੈ। ਓਮੀਕਰੋਨ ਵਿਚ ਮੁੜ ਪੀੜਤ ਹੋਣ ਦਾ ਵਧੇਰੇ ਜੋਖ਼ਮ ਹੁੰਦਾ ਹੈ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਪਤਾ ਲੱਗਣ ਵਿਚ ਲਗਭਗ 3 ਹਫ਼ਤੇ ਲੱਗਣਗੇ ਕਿ ਇਹ ਵੇਰੀਐਂਟ ਵੈਕਸੀਨਾਂ ਦੀ ਪ੍ਰਭਾਵਸ਼ੀਲਤਾ 'ਤੇ ਕਿਵੇਂ ਪ੍ਰਭਾਵ ਪਾਉਂਦਾ ਹੈ। ਇਸ ਵਾਇਰਸ ਤੋਂ ਸੁਰੱਖਿਆ ਲਈ ਸਰਕਾਰ ਨੇ ਇਕਾਂਤਵਾਸ ਦੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਅਤੇ ਇੰਗਲੈਂਡ ਵਿਚ ਦੁਕਾਨਾਂ ਅਤੇ ਜਨਤਕ ਆਵਾਜਾਈ 'ਤੇ ਚਿਹਰੇ ਦੇ ਮਾਸਕ ਲਾਜ਼ਮੀ ਹੋਣਗੇ।
ਅੰਕੜਿਆਂ ਅਨੁਸਾਰ ਯੂਕੇ ਵਿਚ ਓਮੀਕਰੋਨ ਦੇ ਤਕਰੀਬਨ 11 ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਜੇ. ਸੀ. ਵੀ. ਆਈ. ਵੱਲੋਂ ਇਹ ਸਲਾਹ ਯੂਕੇ ਦੇ ਸਾਰੇ ਹਿੱਸਿਆਂ ਵਿਚ ਮੰਤਰੀਆਂ ਨੂੰ ਦਿੱਤੀ ਗਈ ਹੈ ਅਤੇ ਇਹਨਾਂ ਉਪਾਵਾਂ ਬਾਰੇ ਅੰਤਮ ਫੈਸਲਾ ਸਿਆਸਤਦਾਨਾਂ 'ਤੇ ਨਿਰਭਰ ਹੈ। ਹੁਣ ਤੱਕ, ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਦੇ ਮੰਤਰੀਆਂ ਨੇ ਕਿਹਾ ਹੈ ਕਿ ਉਹ ਇਹਨਾਂ ਸਿਫਾਰਸ਼ਾਂ ਦੀ ਪਾਲਣਾ ਕਰਨਗੇ, ਅਤੇ ਉੱਤਰੀ ਆਇਰਲੈਂਡ ਵੱਲੋਂ ਵੀ ਇਸ ਨੂੰ ਸਵੀਕਾਰ ਕਰਨ ਦੀ ਉਮੀਦ ਹੈ।