ਬ੍ਰਿਟੇਨ: ਫ਼ੌਜ ਮੁਖੀ ਪਾਏ ਗਏ ਕੋਰੋਨਾ ਪਾਜ਼ੇਟਿਵ, ਰੱਖਿਆ ਮੰਤਰੀ ਤੇ ਸੀਨੀਅਰ ਅਧਿਕਾਰੀਆਂ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ

06/29/2021 12:43:59 PM

ਲੰਡਨ (ਭਾਸ਼ਾ) : ਬ੍ਰਿਟੇਨ ਦੇ ਹਥਿਆਰਬੰਦ ਸੈਨਾਵਾਂ ਦੇ ਮੁਖੀ ਜਨਰਲ ਸਰ ਨਿਕ ਕਾਰਟਰ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਰੱਖਿਆ ਮੰਤਰੀ ਬੇਨ ਵਾਲੇਸ ਅਤੇ ਚੋਟੀ ਦੇ ਮਿਲਟਰੀ ਕਮਾਂਡਰ ਇਕਾਂਤਵਾਸ ਵਿਚ ਚਲੇ ਗਏ ਹਨ। ਰਾਸ਼ਟਰੀ ਸਿਹਤ ਸੇਵਾ (ਐਨ.ਐਚ.ਐਸ.) ਦੇ ‘ਟੈਸਟ ਐਂਡ ਟਰੇਸ’ ਐਪ ਵੱਲੋਂ ਕੈਬਨਿਟ ਮੰਤਰੀ ਅਤੇ ਰਾਇਲ ਨੇਵੀ, ਰਾਇਲ ਏਅਰਫੋਰਸ ਅਤੇ ਰਣਨੀਤਕ ਕਮਾਨ ਦੇ ਪ੍ਰਮੁਖ ਨੂੰ ਸਰ ਨਿਕ ਦੇ ਸੰਪਰਕ ਵਿਚ ਆਉਣ ਦੇ ਬਾਅਦ 10 ਦਿਨਾਂ ਦੀ ਮਿਆਦ ਲਈ ਘਰ ਵਿਚ ਹੀ ਰਹਿਣ ਨੂੰ ਕਿਹਾ ਗਿਆ ਹੈ।

ਦਿ ਡੇਲੀ ਟੈਲੀਗ੍ਰਾਫ ਦੀ ਖ਼ਬਰ ਮੁਤਾਬਕ ਸਰ ਨਿਕ ਦੇ ਅਧੀਨ ਅਤੇ ਬ੍ਰਿਟਿਸ਼ ਫ਼ੌਜ ਦੇ ਪ੍ਰਮੁਖ ਜਨਰਲ ਸਰ ਮਾਰਕ ਕਾਲਰਟਨ ਸਮਿਥ ਨੇ ਵੀ ਵੀਕੈਂਡ ਇਕਾਂਤਵਾਸ ਵਿਚ ਬਿਤਾਇਆ ਅਤੇ ਉਨ੍ਹਾਂ ਨੂੰ ਪੀ.ਸੀ.ਆਰ. ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਸੀ। ਉਨ੍ਹਾਂ ਨੇ ਇਕ ਬੈਠਕ ਵਿਚ ਹਿੱਸਾ ਲਿਆ ਸੀ, ਹਾਲਾਂਕਿ ਕਮਾਂਡਰ ਤੋਂ ਭੌਤਿਕ ਦੂਰੀ ਬਰਕਰਾਰ ਰੱਖੀ ਸੀ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ, ‘ਨਿਯਮਿਤ ਕੋਵਿਡ-19 ਜਾਂਚ ਦੌਰਾਨ ਚੀਫ ਆਫ ਡਿਫੈਂਸ ਸਟਾਫ ਪਾਜ਼ੇਟਿਵ ਪਾਇਆ ਗਿਆ ਹੈ।’ ਬੁਲਾਰੇ ਨੇ ਕਿਹਾ, ‘ਉਨ੍ਹਾਂ ਨਾਲ ਪਿਛਲੇ ਹਫ਼ਤੇ ਸੀਨੀਅਰਾਂ ਦੀ ਬੈਠਕ ਵਿਚ ਮੌਜੂਦ ਲੋਕ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕਾਂਤਵਾਸ ਵਿਚ ਹਨ, ਜਿਨ੍ਹਾਂ ਵਿਚ ਰੱਖਿਆ ਮੰਤਰੀ ਵੀ ਸ਼ਾਮਲ ਹਨ।’ 

ਕਮਾਂਡਰ ਦੇ ਇਕਾਂਤਵਾਸ ਵਿਚ ਰਹਿਣ ਦੌਰਾਨ ਫ਼ੌਜੀ ਗਤੀਵਿਧੀਆਂ ਦਾ ਸੰਚਾਲਨ ਡਿਜੀਟਲ ਤਰੀਕੇ ਨਾਲ ਹੋਵੇਗਾ। ਜਿਸ ਬੈਠਕ ਦੀ ਚਰਚਾ ਹੋ ਰਹੀ ਹੈ ਉਹ ਵੀਰਵਾਰ ਨੂੰ ਸਰ ਨਿਕ ਵੱਲੋਂ ਆਕਸਫੋਰਡਸ਼ਾਇਰ ਦੇ ਸ਼੍ਰੀਵੇਨਹਮ ਸਥਿਤ ਰੱਖਿਆ ਅਕਾਦਮੀ ਵਿਚ ਹੋਈ ਸੀ, ਜਿਸ ਵਿਚ ਬੇਨ ਵਾਲੇਸ, ਡਿਫੈਂਸ ਸਟਾਫ਼ ਦੇ ਉਪ ਪ੍ਰਧਾਨ ਐਡਮਿਰਲ ਸਰ ਟਿਮ ਫ੍ਰੇਜਰ ਅਤੇ ਸਰ ਮਾਰਕ ਸਮੇਤ ਕਈ ਸੀਨੀਅਰ ਅਧਿਕਾਰੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਸਮਾਜਿਕ ਦੂਰੀ ਦਾ ਪੂਰਾ ਪਾਲਣ ਕੀਤਾ ਗਿਆ ਸੀ ਪਰ ਕੁੱਝ ਲੋਕ ਫਿਰ ਵੀ ਸਰ ਨਿਕ ਦੇ ਸੰਪਰਕ ਵਿਚ ਆਏ ਸਨ। ਸਰ ਨਿਕ ਬੈਠਕ ਦੇ ਅਗਲੇ ਦਿਨ ਹੀ ਪਾਜ਼ੇਟਿਵ ਪਾਏ ਗਏ ਸਨ। ਬੈਠਕ ਦੇ ਬਾਅਦ ਸ਼ੁੱਕਰਵਾਰ ਨੂੰ ਉਹ ਚਾਲਕੇ ਵੈਲੀ ਹਿਸਟਰੀ ਫੈਸਟੀਵਲ ਵਿਚ ਵੀ ਦਿਖੇ ਸਨ।
 


cherry

Content Editor

Related News