ਯੂਕੇ: ਪ੍ਰਦੂਸ਼ਣ ਦਾ ਪੱਧਰ ਵਧਣ ਕਾਰਨ ਸੜਕ ਕੰਢੇ ਬਣੇ 23 ਘਰਾਂ ਨੂੰ ਢਾਹਿਆ ਗਿਆ
Saturday, Oct 16, 2021 - 05:18 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਸੈਂਟਰਲ ਲੰਡਨ ਦੇ ਬਾਹਰ ਵੇਲਜ਼ ਦੀ ਇਕ ਸੜਕ ਦੇ ਕੰਢੇ ਬਣੇ 23 ਘਰਾਂ ਨੂੰ ਪ੍ਰਦੂਸ਼ਣ ਖ਼ਾਸ ਕਰਕੇ ਨਾਈਟ੍ਰੋਜਨ ਡਾਈਆਕਸਾਈਡ ਦਾ ਪੱਧਰ ਵਧਣ ਕਾਰਨ ਢਾਹ ਦਿੱਤਾ ਗਿਆ ਹੈ। ਇਹਨਾਂ ਘਰਾਂ ਵਿਚ ਸਾਲਾਂ ਤੋਂ ਰਹਿੰਦੇ ਵਸਨੀਕ ਆਪਣੇ ਘਰਾਂ ਦੇ ਢਾਹੇ ਜਾਣ ਕਾਰਨ ਉਦਾਸ ਸਨ ਪਰ ਉਹ ਆਪਣੀ ਸਿਹਤ ਲਈ ਵੀ ਚਿੰਤਤ ਸਨ। ਵੈਲਜ਼ ਸਰਕਾਰ ਵੱਲੋਂ ਵਸਨੀਕਾਂ ਨਾਲ ਉਨ੍ਹਾਂ ਦੇ ਘਰ ਛੱਡਣ ਲਈ 6 ਮਿਲੀਅਨ ਪੌਂਡ ਦਾ ਸਮਝੌਤਾ ਕੀਤਾ ਗਿਆ ਹੈ।
ਅਧਿਕਾਰੀਆਂ ਅਨੁਸਾਰ ਇਸ ਸੜਕ 'ਤੇ ਹਰ ਰੋਜ਼ ਤਕਰੀਬਨ 21,000 ਵਾਹਨਾਂ ਗੁਜ਼ਰਦੇ ਸਨ ਅਤੇ ਉਹਨਾਂ ਦੇ ਧੂੰਏਂ ਕਾਰਨ ਪ੍ਰਦੂਸ਼ਨ ਦਾ ਪੱਧਰ ਵੱਧ ਗਿਆ ਸੀ, ਜੋ ਕਿ ਸਿਹਤ ਲਈ ਹਾਨੀਕਾਰਕ ਸੀ। ਜਦਕਿ ਇਹਨਾਂ ਘਰਾਂ ਵਿਚ ਰਹਿ ਰਹੇ ਲੋਕ ਸਾਹ ਅਤੇ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਹੇ ਹਨ। ਮਾਹਰਾਂ ਨੂੰ ਉਮੀਦ ਹੈ ਕਿ ਘਰ ਢਾਹੁਣ ਨਾਲ ਸੜਕ ਦਾ ਇਕ ਪਾਸਾ ਖੁੱਲ੍ਹ ਜਾਵੇਗਾ, ਜਿਸ ਨਾਲ ਪ੍ਰਦੂਸ਼ਣ ਦੀ ਘੱਟ ਪੈਦਾਵਾਰ ਹੋਵੇਗੀ। ਇਹ ਘਰ ਢਾਹੁਣ ਦਾ ਕੰਮ ਮਈ ਵਿਚ ਸ਼ੁਰੂ ਹੋਣਾ ਸੀ ਪਰ ਕੋਵਿਡ ਮਹਾਮਾਰੀ ਕਰਕੇ ਇਸ ਵਿਚ ਦੇਰੀ ਹੋ ਗਈ।