ਕਰੋੜਪਤੀ ਉਦੈ ਕੋਟਕ ਦੇ ਬੇਟੇ ਜੈ ਨੇ ਸ਼ੇਅਰ ਕੀਤੀ ਬੋਸਟਨ ਏਅਰਪੋਰਟ ਦੀ ਫੋਟੋ, ਭਾਰਤ ਨੂੰ ਅਮਰੀਕਾ ਤੋਂ ਬਿਹਤਰ ਦੱਸਿਆ
Monday, Jun 13, 2022 - 09:45 PM (IST)
ਇੰਟਰਨੈਸ਼ਨਲ ਡੈਸਕ : ਕੋਟਕ ਬੈਂਕ ਦੇ ਸਹਿ-ਸੰਸਥਾਪਕ ਉਦੈ ਕੋਟਕ ਦੇ ਬੇਟੇ ਜੈ ਕੋਟਕ ਨੇ ਆਪਣੇ ਟਵਿਟਰ ਅਕਾਊਂਟ 'ਤੇ ਅਮਰੀਕਾ ਦੇ ਬੋਸਟਨ ਏਅਰਪੋਰਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਤੇ ਲਿਖਿਆ, ''ਇਹ ਬੋਸਟਨ ਏਅਰਪੋਰਟ ਹੈ। ਚੈੱਕ ਇਨ ਕਰਨ ਲਈ 5 ਘੰਟੇ ਦੀ ਲਾਈਨ।" ਆਪਣੇ ਟਵੀਟ ਰਾਹੀਂ ਆਪਣੇ ਦੇਸ਼ ਦੀ ਤਾਰੀਫ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਮੁੰਬਈ ਏਅਰਪੋਰਟ 'ਤੇ ਇਸ ਤੋਂ ਜ਼ਿਆਦਾ ਭੀੜ ਹੁੰਦੀ ਹੈ। ਜੈ ਕੋਟਕ ਨੇ ਇਕ ਟਵੀਟ 'ਚ ਲਿਖਿਆ, "ਮੁੰਬਈ ਏਅਰਪੋਰਟ ਬੋਸਟਨ ਨਾਲੋਂ ਵੱਧ ਯਾਤਰੀਆਂ ਨੂੰ ਸੰਭਾਲਦਾ ਹੈ। ਕੁਝ ਲਾਈਨਾਂ ਹੁੰਦੀਆਂ ਹਨ। ਸਾਰੇ ਕਾਊਂਟਰਾਂ 'ਤੇ ਸਟਾਫ਼ ਮੌਜੂਦ ਹੈ। ਹਵਾਈ ਅੱਡਾ ਨਵਾਂ ਅਤੇ ਸਾਫ਼ ਹੈ। ਉਡਾਣਾਂ ਸਸਤੀਆਂ ਹਨ। ਭਾਰਤ ਕੰਮ ਕਰਦਾ ਹੈ।"
ਇਕ ਹੋਰ ਟਵੀਟ 'ਚ ਅਮਰੀਕਾ ਬਾਰੇ ਗੱਲ ਕਰਦਿਆਂ ਜੈ ਨੇ ਲਿਖਿਆ, ''ਹਾਵਰਡ 'ਚ 5ਵੇਂ ਸਾਲ 'ਚ ਪ੍ਰਵੇਸ਼ ਕਰਨ ਅਮਰੀਕਾ ਆਇਆ ਹਾਂ। ਮਹਿੰਗਾਈ ਬਹੁਤ ਹੈ। ਸ਼ਹਿਰ ਬਹੁਤ ਗੰਦੇ ਹਨ। ਬੰਦੂਕ ਹਿੰਸਾ ਹਰ ਰੋਜ਼ ਸੁਰਖੀਆਂ 'ਚ ਰਹਿੰਦੀ ਹੈ। ਹਵਾਈ ਅੱਡੇ 'ਤੇ ਲਾਈਨਾਂ, ਫਲਾਈਟਾਂ 'ਚ ਦੇਰੀ। ਘੰਟਿਆਂ ਤੱਕ ਉਡੀਕ ਕਰੋ। ਇੱਥੇ ਇਕ ਆਮ ਆਦਮੀ ਨਿਰਾਸ਼ ਹੋ ਸਕਦਾ ਹੈ।'' ਉਨ੍ਹਾਂ ਅੱਗੇ ਲਿਖਿਆ, ''ਭਾਰਤ ਦੇ ਲਈ ਉਡਾਣ ਭਰਨਾ ਇਕ ਬਿਹਤਰ ਜਗ੍ਹਾ 'ਤੇ ਵਾਪਸ ਆਉਣ ਵਰਗਾ ਲੱਗਦਾ ਹੈ।''