UAE ਨੇ ‘ਦੁਸ਼ਮਣਾਂ’ ਦੇ ਤਿੰਨ ਡਰੋਨ ਕੀਤੇ ਢੇਰ, ਦੇਸ਼ ''ਤੇ ਇਹ ਚੌਥਾ ਹਮਲਾ

Thursday, Feb 03, 2022 - 11:09 AM (IST)

UAE ਨੇ ‘ਦੁਸ਼ਮਣਾਂ’ ਦੇ ਤਿੰਨ ਡਰੋਨ ਕੀਤੇ ਢੇਰ, ਦੇਸ਼ ''ਤੇ ਇਹ ਚੌਥਾ ਹਮਲਾ

ਦੁਬਈ (ਭਾਸ਼ਾ) ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਬੁੱਧਵਾਰ ਦੇਰ ਰਾਤ ਦੇਸ਼ ਵੱਲ ਦਾਗੇ ਗਏ ਕਈ ਡਰੋਨਾਂ ਨੂੰ ਅੱਧ ਵਿਚਕਾਰ ਰੋਕ ਕੇ ਨਸ਼ਟ ਕਰ ਦਿੱਤਾ। ਸੰਯੁਕਤ ਅਰਬ ਅਮੀਰਾਤ ਦੀ ਸੈਨਾ ਨੇ ਦੱਸਿਆ ਕਿ ਹਾਲ ਦੇ ਹਫ਼ਤਿਆਂ ਵਿੱਚ ਹੋਇਆ ਇਹ ਚੌਥਾ ਹਮਲਾ ਹੈ। ਸੈਨਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਡਰੋਨ ਕਿਸ ਨੇ ਦਾਗੇ ਸਨ ਪਰ ਹਾਲੀਆ ਘਟਨਾਵਾਂ ਨੂੰ ਦੇਖਦੇ ਹੋਏ ਸ਼ੱਕ ਯਮਨ ਦੇ ਈਰਾਨ ਸਮਰਥਕ ਹੂਤੀ ਬਾਗੀਆਂ 'ਤੇ ਕੀਤਾ ਜਾ ਰਿਹਾ ਹੈ। ਹੂਤੀ ਬਾਗੀਆਂ ਨੇ ਹਾਲ ਵਿਚ ਯੂਏਈ 'ਤੇ ਕਈ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। 

ਅਮੀਰਾਤ ਸੁਰੱਖਿਆ ਮੰਤਰਾਲੇ ਨੇ ਬੁੱਧਵਾਰ ਰਾਤ ਨੂੰ ਟਵਿੱਟਰ 'ਤੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਉਸ ਨੇ ਤਿੰਨ ''ਦੁਸ਼ਮਣ ਡਰੋਨ'' ਨਸ਼ਟ ਕਰ ਦਿੱਤੇ ਹਨ, ਜਿਹਨਾਂ ਨੇ ਦੇਰ ਰਾਤ ਸੰਯੁਕਤ ਅਰਬ ਅਮੀਰਾਤ ਨੂੰ ਨਿਸ਼ਾਨਾ ਬਣਾਇਆ ਸੀ। ਮੰਤਰਾਲੇ ਨੇ ਬਿਨਾਂ ਵਿਸਤ੍ਰਿਤ ਜਾਣਕਾਰੀ ਦਿੱਤੇ ਕਿਹਾ ਕਿ ਡਰੋਨ ਨੂੰ ਆਬਾਦੀ ਵਾਲੇ ਖੇਤਰ ਤੋਂ ਦੂਰ ਰੋਕਿਆ ਗਿਆ। ਬਾਗੀਆਂ ਦੇ 2015 ਵਿੱਚ ਯਮਨ ਦੀ ਰਾਜਧਾਨੀ 'ਤੇ ਕਬਜ਼ਾ ਕਰਨ ਦੇ ਬਾਅਦ ਤੋਂ ਹੀ ਹੂਤੀ ਸਾਊਦੀ ਦੀ ਅਗਵਾਈ ਵਾਲੇ ਗਠਜੋੜ ਨਾਲ ਮੁਕਾਬਲਾ ਕਰ ਰਹੇ ਹਨ, ਜਿਸ ਵਿਚ ਸੰਯੁਕਤ ਅਰਬ ਅਮੀਰਾਤ ਵੀ ਸ਼ਾਮਲ ਹੈ।  

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਸਰਹੱਦ ਖੋਲ੍ਹਣ ਦਾ ਐਲਾਨ, ਬਣਾਈ ਇਹ ਯੋਜਨਾ

ਗੌਰਤਲਬ ਹੈ ਕਿ ਯਮਨ ਦੇ ਹੂਤੀ ਬਾਗੀਆਂ ਨੇ ਸਭ ਤੋਂ ਪਹਿਲਾਂ ਪਿਛਲੇ ਮਹੀਨੇ ਅਮੀਰਾਤ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਸਨ। ਅਮਰੀਕਾ ਅਤੇ ਅਮੀਰਾਤ ਬਲਾਂ ਨੇ ਸੰਯੁਕਤ ਰੂਪ ਨਾਲ ਪਿਛਲੇ ਦੋ ਹਵਾਈ ਹਮਲਿਆਂ ਨੂੰ ਰੋਕਿਆ ਸੀ।ਇਹਨਾਂ ਵਿਚੋਂ ਇਕ ਹਮਲਾ ਇਜ਼ਰਾਈਲ ਦੇ ਰਾਸ਼ਟਰਪਤੀ ਆਈਜੈਕ ਹਰਜ਼ੋਗ ਦੇ ਖਾੜੀ ਅਰਬ ਦੇਸ਼ ਦੀ ਇਤਿਹਾਸਿਕ ਯਾਤਰਾ ਦੌਰਾਨ ਕੀਤਾ ਗਿਆ ਸੀ। ਉੱਥੇ ਆਬੂ ਧਾਬੀ 'ਤੇ ਪਿਛਲੇ ਮਹੀਨੇ ਹੂਤੀ ਬਾਗੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਭਾਰਤ ਅਤੇ ਪਾਕਿਸਤਾਨ ਦੇ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਜ਼ਖਮੀ ਹੋਏ ਸਨ। ਹੂਤੀ ਬਾਗੀਆਂ ਵੱਲੋਂ ਵੀਰਵਾਰ ਨੂੰ ਕੀਤੇ ਗਏ ਡਰੋਨ ਹਮਲੇ ਨੂੰ ਲੈਕੇ ਹੁਣ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਹਾਲਾਂਕਿ ਬਾਗੀ ਸਮੂਹ ਦੇ ਮੀਡੀਆ ਦਫਤਰ ਨੇ 'ਟੂ ਪ੍ਰੋਮਿਸ ਬ੍ਰਿਗੇਡ' ਨਾਮ ਦੇ ਇਕ ਸਮੂਹ ਦੀ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਬਿਨਾਂ ਸਬੂਤ ਦੇ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਖੇਤਰ ਵਿਚ ਸੰਯੁਕਤ ਅਰਬ ਅਮੀਰਾਤ ਦੀ ਦਖਲ ਅੰਦਾਜ਼ੀ ਦੇ ਜਵਾਬ ਵਿਚ ਚਾਰ ਡਰੋਨ ਭੇਜੇ ਹਨ। ਯੂਏਈ ਦਾ ਕਹਿਣਾ ਹੈ ਕਿ ਉਙ ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ  ਤਿਆਰ ਹੈ ਅਤੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।


author

Vandana

Content Editor

Related News