PUBG ਗੇਮ 'ਤੇ ਪਾਕਿ ਦਾ ਯੂ-ਟਰਨ, 13 ਦਿਨਾਂ 'ਚ ਹੀ ਹਟਾਇਆ ਬੈਨ
Friday, Jul 31, 2020 - 03:32 AM (IST)
ਇਸਲਾਮਾਬਾਦ - ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਨੇ ਆਨਲਾਈਨ ਮਲਟੀਪਲੇਅਰ ਗੇਮ PUBG 'ਤੇ ਲੱਗੇ ਬੈਨ ਨੂੰ ਤੱਤਕਾਲ ਪ੍ਰਭਾਵ ਤੋਂ ਹਟਾ ਦਿੱਤਾ ਹੈ। ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ. ਟੀ. ਏ.) ਨੇ ਵੀਰਵਾਰ ਨੂੰ ਪ੍ਰਾਕਸੀਮਾ ਬੀਟਾ (ਪੀ. ਬੀ.) ਕੰਪਨੀ ਤੋਂ ਗੇਮਿੰਗ ਪਲੇਟਫਾਰਮ ਦੇ ਗਲਤ ਇਸਤੇਮਾਲ ਨੂੰ ਰੋਕਣ ਦੇ ਭਰੋਸੇ ਤੋਂ ਬਾਅਦ PUBG ਤੋਂ ਬੈਨ ਹਟਾਉਣ ਦਾ ਫੈਸਲਾ ਕੀਤਾ। 17 ਜੁਲਾਈ ਨੂੰ ਪਾਕਿ ਸਰਕਾਰ ਨੇ ਇਸ ਗੇਮ ਨੂੰ ਇਸਲਾਮ ਵਿਰੋਧੀ ਦੱਸਦੇ ਹੋਏ ਬੈਨ ਕਰ ਦਿੱਤਾ ਸੀ।
ਬੈਨ ਹਟਾਉਣ ਨੂੰ ਲੈ ਕੇ ਪਾਕਿ ਦੀ ਇਹ ਦਲੀਲ
PUBG ਦੀ ਪੈਰੇਂਟ ਕੰਪਨੀ ਪ੍ਰਾਕਸੀਮਾ ਬੀਟਾ (ਪੀ. ਬੀ.) ਦੇ ਨੁਮਾਇੰਦਿਆਂ ਨੇ ਗੇਮਿੰਗ ਪਲੇਟਫਾਰਮ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਨੂੰ ਲੈ ਕੇ ਪਾਕਿ ਸਰਕਾਰ ਦੇ ਦੂਰਸੰਚਾਰ ਅਥਾਰਟੀ ਨੂੰ ਜਾਣਕਾਰੀ ਦਿੱਤੀ। ਜਿਸ 'ਤੇ ਪੀ. ਟੀ. ਏ. ਨੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਬੈਨ ਹਟਾਉਣ ਦਾ ਆਦੇਸ਼ ਜਾਰੀ ਕੀਤਾ ਹੈ।
ਕੋਰਟ ਵਿਚ ਵੀ ਪੀ. ਟੀ. ਏ. ਨੇ ਬੈਨ ਦੀ ਕੀਤੀ ਸੀ ਵਕਾਲਤ
ਪਾਕਿਸਤਾਨ ਟੈਲੀਕਮਿਊਨਿਕੇਸ਼ਨ ਅਥਾਰਟੀ ਨੇ ਇਸ ਗੇਮ ਨੂੰ ਬੈਨ ਕੀਤੇ ਜਾਣ ਦੇ ਸਮੇਂ ਦਲੀਲ ਦਿੱਤੀ ਸੀ ਕਿ ਪਾਕਿਸਤਾਨ ਵਿਚ PUBG ਕਾਰਨ ਨੌਜਵਾਨਾਂ 'ਤੇ ਕਈ ਤਰ੍ਹਾਂ ਦੇ ਮਾਨਸਿਕ ਦਬਾਅ ਪੈ ਰਹੇ ਹਨ। ਅਜਿਹੇ ਵਿਚ ਨੌਜਵਾਨਾਂ ਵਿਚ ਆਤਮ-ਹੱਤਿਆ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਹਨ। ਇਸ ਸਰਕਾਰੀ ਏਜੰਸੀ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਕਿਹਾ ਕਿ PUBG ਗੇਮ ਵਿਚ ਕੁਝ ਦ੍ਰਿਸ਼ ਇਸਲਾਮ ਵਿਰੋਧੀ ਹੁੰਦੇ ਹਨ, ਜਿਨ੍ਹਾਂ ਨੂੰ ਪਾਕਿਸਤਾਨ ਵਿਚ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ।
ਪਹਿਲਾਂ ਵੀ ਗੇਮ ਨੂੰ ਬੈਨ ਕਰ ਚੁੱਕੀ ਹੈ ਪਾਕਿ ਸਰਕਾਰ
ਪਾਕਿਸਤਾਨ ਸਰਕਾਰ ਨੇ 2013 ਵਿਚ ਕਾਲ ਆਫ ਡਿਊਟੀ ਅਤੇ ਮੈਡਲ ਆਫ ਆਨਰ ਨੂੰ ਬੈਨ ਕਰ ਦਿੱਤਾ ਸੀ। ਇਨਾਂ ਗੇਮਸ ਨੂੰ ਬੈਨ ਕੀਤੇ ਜਾਣ ਨੂੰ ਲੈ ਕੇ ਸਰਕਾਰ ਨੇ ਤਰਕ ਦਿੱਤਾ ਸੀ ਕਿ ਇਸ ਗੇਮਸ ਵਿਚ ਪਾਕਿਸਤਾਨ ਨੂੰ ਅੱਤਵਾਦੀਆਂ ਦਾ ਟਿਕਾਣਾ ਦਿਖਾਇਆ ਗਿਆ ਸੀ। ਉਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ. ਅਤੇ ਅਲਕਾਇਦਾ ਸਣੇ ਕਈ ਅੱਤਵਾਦੀ ਸੰਗਠਨਾਂ ਵਿਚ ਸਬੰਧ ਵੀ ਦਿਖਾਇਆ ਗਿਆ ਸੀ।