ਇਮਰਾਨ ਦੀ ਪਾਰਟੀ ਨੇਤਾ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ IED ਧਮਾਕਾ, 2 ਸੁਰੱਖਿਆ ਗਾਰਡ ਮਾਰੇ ਗਏ
Monday, Mar 13, 2023 - 12:50 AM (IST)
ਪੇਸ਼ਾਵਰ : ਪਾਕਿਸਤਾਨ ਦੇ ਬਲੋਚਿਸਤਾਨ 'ਚ ਸ਼ਨੀਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਇਕ ਨੇਤਾ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਣ ਵਾਲੇ ਈਆਈਡੀ ਧਮਾਕੇ ਵਿੱਚ 2 ਸੁਰੱਖਿਆ ਗਾਰਡਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਪਾਕਿ ਮੀਡੀਆ ਮੁਤਾਬਕ ਪੀਟੀਆਈ ਨੇਤਾ ਸਰਦਾਰ ਖਾਨ ਰਿੰਦ ਧਮਾਕੇ ਵਿੱਚ ਵਾਲ-ਵਾਲ ਬਚ ਗਏ।
ਇਹ ਵੀ ਪੜ੍ਹੋ : 'ਆਦਿਵਾਸੀਆਂ' ਨੂੰ 'ਵਣਵਾਸੀ' ਕਹਿਣਾ ਅਪਮਾਨਜਨਕ : ਸ਼ਰਦ ਪਵਾਰ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੋਲਾਨ ਜ਼ਿਲ੍ਹੇ ਦੇ ਸੰਨੀ ਸ਼ੋਰਾਨ ਇਲਾਕੇ 'ਚ ਸਰਦਾਰ ਖਾਨ ਰਿੰਦ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਆਈਈਡੀ ਧਮਾਕੇ ਵਿੱਚ 2 ਅੰਗ ਰੱਖਿਅਕ ਮਾਰੇ ਗਏ ਅਤੇ ਇਕ ਜ਼ਖ਼ਮੀ ਹੋ ਗਿਆ, ਜਦੋਂ ਕਿ ਸਰਦਾਰ ਖਾਨ ਰਿੰਦ ਧਮਾਕੇ 'ਚ ਵਾਲ-ਵਾਲ ਬਚ ਗਏ। ਇਸ ਤੋਂ ਬਾਅਦ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਧਾਦਰ ਲਿਜਾਇਆ ਗਿਆ।
ਇਹ ਵੀ ਪੜ੍ਹੋ : ਅਜਬ-ਗਜ਼ਬ : ਪਤੀ ਨੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਵੇਖ ਭੜਕੀ ਔਰਤ
ਇਸ ਦੇ ਨਾਲ ਹੀ ਬਲੋਚਿਸਤਾਨ ਦੇ ਮੁੱਖ ਮੰਤਰੀ ਅਬਦੁਲ ਕੁਦੁਸ ਬਿਜ਼ੇਂਜੋ ਨੇ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਹਮਲੇ ਵਿੱਚ ਸੁਰੱਖਿਆ ਬਲ ਦੇ ਜਵਾਨਾਂ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟਾਇਆ ਹੈ। ਪਾਕਿਸਤਾਨ ਮੀਡੀਆ ਮੁਤਾਬਕ ਅਬਦੁਲ ਕੁਦੁਸ ਬਿਜ਼ੇਂਜੋ ਨੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ ਪਰ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹਰ ਕੀਮਤ 'ਤੇ ਬਰਕਰਾਰ ਰੱਖਿਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।