ਫਿਲੀਪੀਨਜ਼ ''ਚ ਸਕੂਬਾ ਡਾਈਵਿੰਗ ਕਰਦੇ ਸਮੇਂ 2 ਰੂਸੀ ਸੈਲਾਨੀਆਂ ਦੀ ਮੌਤ
Friday, Feb 28, 2025 - 02:57 PM (IST)

ਮਨੀਲਾ (ਏਜੰਸੀ)- ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਦੱਖਣ ਵਿੱਚ ਸਮੁੰਦਰ ਵਿੱਚ ਸਕੂਬਾ ਡਾਈਵਿੰਗ ਕਰਦੇ ਸਮੇਂ ਦੋ ਰੂਸੀ ਸੈਲਾਨੀ ਤੇਜ਼ ਲਹਿਰ ਵਿੱਚ ਰੁੜ੍ਹ ਗਏ। ਇਨ੍ਹਾਂ ਵਿੱਚੋਂ ਇੱਕ ਸੈਲਾਨੀ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦੋਂਕਿ ਦੂਜੇ ਦੀ ਸ਼ਾਰਕ ਮੱਛੀਆਂ ਦੇ ਹਮਲੇ ਵਿਚ ਮੌਤ ਹੋ ਗਈ। ਫਿਲੀਪੀਨ ਕੋਸਟ ਗਾਰਡ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਿਲੀਪੀਨ ਕੋਸਟ ਗਾਰਡ ਦੇ ਸੂਬਾਈ ਕਮਾਂਡਰ ਕੈਪਟਨ ਏਅਰਲੈਂਡ ਲੈਪਿਟਨ ਨੇ ਕਿਹਾ ਕਿ 2 ਹੋਰ ਰੂਸੀ ਸੈਲਾਨੀ ਵੀਰਵਾਰ ਨੂੰ ਬਟੰਗਾਸ ਸੂਬੇ ਦੇ ਇੱਕ ਪ੍ਰਸਿੱਧ ਡਾਈਵਿੰਗ ਸਥਾਨ, ਵਰਡੇ ਟਾਪੂ ਤੋਂ ਆਪਣੀ ਕਿਸ਼ਤੀ 'ਤੇ ਸੁਰੱਖਿਅਤ ਵਾਪਸ ਆਉਣ ਵਿੱਚ ਕਾਮਯਾਬ ਰਹੇ।
ਚਾਰ ਰੂਸੀ ਸੈਲਾਨੀ ਇੱਕ ਫਿਲੀਪੀਨੋ ਡਾਈਵ ਇੰਸਟ੍ਰਕਟਰ ਦੇ ਨਾਲ ਓਰੀਐਂਟਲ ਮਿੰਡੋਰੋ ਸੂਬੇ ਦੇ ਨੇੜਲੇ ਕਸਬੇ ਪਿਊਰਟੋ ਗੈਲੇਰਾ ਤੋਂ ਕਿਸ਼ਤੀ ਰਾਹੀਂ ਵਰਡੇ ਟਾਪੂ ਗਏ ਸਨ। ਲੈਪਿਟਨ ਨੇ ਕਿਹਾ ਕਿ ਡਾਈਵਿੰਗ ਕਰਦੇ ਸਮੇਂ, ਸਾਰੇ 5 ਲੋਕ ਇੱਕ ਤੇਜ਼ ਸਮੁੰਦਰੀ ਲਹਿਰ ਵਿੱਚ ਰੁੜ੍ਹ ਗਏ। ਇਸ ਮਗਰੋਂ ਇੰਸਟ੍ਰਕਟਰ ਦੇ ਨਾਲ 2 ਰੂਸੀ ਸੈਲਾਨੀ ਕਿਨਾਰੇ 'ਤੇ ਵਾਪਸ ਆਉਣ ਵਿੱਚ ਕਾਮਯਾਬ ਹੋ ਗਏ, ਪਰ ਇਲਿਆ ਪੇਰੇਗੁਦੀਨ (29) ਅਤੇ ਮੈਕਸਿਮ ਮਲੇਖੋਵ (39) ਲਾਪਤਾ ਹੋ ਗਏ। ਇੰਸਟ੍ਰਕਟਰ ਅਤੇ ਹੋਰ ਗੋਤਾਖੋਰਾਂ ਨੇ ਤੱਟ ਰੱਖਿਅਕ ਕਰਮਚਾਰੀਆਂ ਦੇ ਨਾਲ ਮਿਲ ਕੇ ਤੁਰੰਤ ਖੋਜ ਮੁਹਿੰਮ ਸ਼ੁਰੂ ਕੀਤੀ।
ਉਨ੍ਹਾਂ ਕਿਹਾ ਕਿ ਮਲੇਖੋਵ ਲਗਭਗ 1 ਘੰਟੇ ਬਾਅਦ ਸਮੁੰਦਰ ਵਿੱਚ ਬੇਹੋਸ਼ ਪਾਇਆ ਗਿਆ ਅਤੇ ਬਾਅਦ ਵਿੱਚ ਬਟੰਗਾਸ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੂਜਾ ਰੂਸੀ ਸੈਲਾਨੀ ਉਦੋਂ ਮਿਲਿਆ ਜਦੋਂ ਉਸ 'ਤੇ ਸ਼ਾਰਕ ਮੱਛੀਆਂ ਹਮਲਾ ਕਰ ਰਹੀਆਂ ਸਨ। ਉਸਦੀ ਸੱਜੀ ਬਾਂਹ ਕੱਟੀ ਹੋਈ ਸੀ ਅਤੇ ਸ਼ਾਰਕ ਉਸਦੇ ਆਲੇ-ਦੁਆਲੇ ਘੁੰਮ ਰਹੀਆਂ ਸਨ। ਲੈਪਿਟਨ ਨੇ ਕਿਹਾ, ਮਾਮਲੇ ਦੀ ਜਾਂਚ ਜਾਰੀ ਹੈ।