5 ਸਾਲ ਬਾਅਦ ਭਾਰਤ-ਚੀਨ ਸਬੰਧਾਂ 'ਚ ਸੁਧਾਰ! ਚੀਨੀ ਸੈਲਾਨੀਆਂ ਲਈ ਖੋਲ੍ਹ 'ਤੇ ਦਰਵਾਜ਼ੇ

Wednesday, Jul 23, 2025 - 04:25 PM (IST)

5 ਸਾਲ ਬਾਅਦ ਭਾਰਤ-ਚੀਨ ਸਬੰਧਾਂ 'ਚ ਸੁਧਾਰ! ਚੀਨੀ ਸੈਲਾਨੀਆਂ ਲਈ ਖੋਲ੍ਹ 'ਤੇ ਦਰਵਾਜ਼ੇ

ਬੀਜਿੰਗ/ਨਵੀਂ ਦਿੱਲੀ: ਭਾਰਤ ਅਤੇ ਚੀਨ ਦੇ ਸੰਬੰਧ ਸਮੇਂ ਦੇ ਨਾਲ ਸੁਧਰਦੇ ਨਜ਼ਰ ਆ ਰਹੇ ਹਨ। ਦੋਵੇਂ ਦੇਸ਼ਾਂ ਨੇ ਆਪਣੇ ਤਣਾਅਪੂਰਨ ਸਬੰਧਾਂ ਨੂੰ ਸੁਧਾਰਨ ਵੱਲ ਤੇਜ਼ੀ ਨਾਲ ਕਦਮ ਚੁੱਕੇ ਹਨ। ਨਵੇਂ ਕਦਮ ਤਹਿਤ ਭਾਰਤ ਸਰਕਾਰ ਚੀਨੀ ਸੈਲਾਨੀਆਂ ਲਈ ਵੀਜ਼ਾ ਮੁੜ ਸ਼ੁਰੂ ਕਰਨ ਵੱਲ ਕੰਮ ਕਰ ਰਹੀ ਹੈ। ਇੱਕ ਰਿਪੋਰਟ ਅਨੁਸਾਰ ਪੰਜ ਸਾਲਾਂ ਬਾਅਦ ਭਾਰਤ ਚੀਨੀ ਸੈਲਾਨੀਆਂ ਲਈ ਟੂਰਿਸਟ ਵੀਜ਼ਾ ਦੁਬਾਰਾ ਜਾਰੀ ਕਰਨ ਜਾ ਰਿਹਾ ਹੈ। ਬੀਜਿੰਗ ਵਿੱਚ ਭਾਰਤੀ ਦੂਤਘਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ 24 ਜੁਲਾਈ ਤੋਂ ਚੀਨੀ ਸੈਲਾਨੀਆਂ ਲਈ ਦੁਬਾਰਾ ਵੀਜ਼ਾ ਜਾਰੀ ਕੀਤੇ ਜਾਣਗੇ। ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਚੀਨ ਵਿੱਚ ਭਾਰਤੀ ਦੂਤਘਰ ਦੁਆਰਾ ਵੇਈਬੋ ਪਲੇਟਫਾਰਮ 'ਤੇ ਸਾਂਝੀ ਕੀਤੀ ਗਈ ਇੱਕ ਪੋਸਟ ਸ਼ੇਅਰ ਕੀਤੀ ਹੈ।

ਭਾਰਤੀ ਦੂਤਘਰ ਦੁਆਰਾ ਜਾਰੀ ਪੋਸਟ ਵਿੱਚ ਕਿਹਾ ਗਿਆ ਹੈ ਕਿ "24 ਜੁਲਾਈ, 2025 ਤੋਂ ਚੀਨੀ ਨਾਗਰਿਕ ਭਾਰਤ ਆਉਣ ਲਈ ਟੂਰਿਸਟ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਨੂੰ ਪਹਿਲਾਂ ਵੈੱਬ ਲਿੰਕ 'ਤੇ ਔਨਲਾਈਨ ਵੀਜ਼ਾ ਅਰਜ਼ੀ ਫਾਰਮ ਭਰਨਾ ਹੋਵੇਗਾ ਅਤੇ ਇਸਦਾ ਪ੍ਰਿੰਟ ਆਊਟ ਲੈਣਾ ਹੋਵੇਗਾ ਅਤੇ ਫਿਰ ਵੈੱਬ ਲਿੰਕ 'ਤੇ ਅਪੁਆਇੰਟ ਲੈਣੀ ਹੋਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਵੀਜ਼ਾ ਐਪਲੀਕੇਸ਼ਨ ਸੈਂਟਰ 'ਤੇ ਅਰਜ਼ੀ ਜਮ੍ਹਾਂ ਕਰਾਉਣ ਲਈ ਪਾਸਪੋਰਟ, ਵੀਜ਼ਾ ਅਰਜ਼ੀ ਫਾਰਮ ਅਤੇ ਹੋਰ ਸਬੰਧਤ ਦਸਤਾਵੇਜ਼ ਆਪਣੇ ਨਾਲ ਰੱਖਣੇ ਪੈਣਗੇ।" ਭਾਰਤ ਸਰਕਾਰ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਦੋਵੇਂ ਦੇਸ਼ ਆਪਸੀ ਸਬੰਧਾਂ ਨੂੰ ਆਮ ਬਣਾਉਣ ਲਈ ਲਗਾਤਾਰ ਗੱਲਬਾਤ ਕਰ ਰਹੇ ਹਨ। ਸਾਲ 2020 ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਭਾਰਤ ਨੇ ਸਾਰੇ ਟੂਰਿਸਟ ਵੀਜ਼ਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਝਟਕਾ! ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ

ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਹੌਲੀ-ਹੌਲੀ ਸੁਧਾਰ ਹੋਇਆ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਪੂਰਬੀ ਲੱਦਾਖ ਦੇ ਡੇਪਸਾਂਗ ਅਤੇ ਡੇਮਚੋਕ ਖੇਤਰਾਂ ਤੋਂ ਪਿੱਛੇ ਹਟ ਗਈਆਂ ਹਨ। ਇਹ ਤਣਾਅ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਸੀ ਅਤੇ ਕਿਸੇ ਵੀ ਸਮੇਂ ਜੰਗ ਛਿੜਨ ਦਾ ਖ਼ਤਰਾ ਸੀ। ਫੌਜਾਂ ਦੀ ਵਾਪਸੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਬਹਾਲ ਕਰਨ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਅਤੇ ਚੀਨ ਵਿਚਕਾਰ ਉਡਾਣਾਂ ਵੀ ਜਨਵਰੀ 2025 ਵਿੱਚ ਸ਼ੁਰੂ ਹੋਈਆਂ ਸਨ। ਇਹ ਫੈਸਲਾ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਚੀਨ ਦੌਰੇ ਤੋਂ ਬਾਅਦ ਆਇਆ, ਜਿੱਥੇ ਦੋਵਾਂ ਧਿਰਾਂ ਨੇ ਕੂਟਨੀਤਕ ਪੱਧਰ 'ਤੇ ਕਈ ਸਕਾਰਾਤਮਕ ਗੱਲਬਾਤ ਕੀਤੀ। ਇਸ ਦੌਰੇ ਦੌਰਾਨ,ਇਹ ਵੀ ਫੈਸਲਾ ਕੀਤਾ ਗਿਆ ਕਿ ਭਾਰਤੀ ਸ਼ਰਧਾਲੂਆਂ ਲਈ ਕੈਲਾਸ਼ ਮਾਨਸਰੋਵਰ ਯਾਤਰਾ ਵੀ ਇਸ ਸਾਲ ਤੋਂ ਮੁੜ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਵੀ ਚੀਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News