ਅਮਰੀਕਾ 'ਚ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ, 2 ਲੋਕ ਜ਼ਖ਼ਮੀ

03/27/2023 10:00:34 AM

ਨਿਊਯਾਰਕ (ਭਾਸ਼ਾ)- ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਇੱਕ ਗੁਰਦੁਆਰੇ ਵਿੱਚ 2 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਸਾਰਜੈਂਟ. ਅਮਰ ਗਾਂਧੀ ਮੁਤਾਬਕ ਗੋਲੀਬਾਰੀ ਐਤਵਾਰ ਦੁਪਹਿਰ ਕਰੀਬ 2:30 ਵਜੇ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਵਿਖੇ ਹੋਈ। ਇਹ ਘਟਨਾ ਗੁਰਦੁਆਰੇ ਵਿੱਚ ਪਹਿਲੇ ਨਗਰ ਕੀਰਤਨ ਦੌਰਾਨ ਵਾਪਰੀ। ਸੈਕਰਾਮੈਂਟੋ ਬੀ ਅਖਬਾਰ ਨੇ ਗਾਂਧੀ ਦੇ ਹਵਾਲੇ ਨਾਲ ਦੱਸਿਆ ਕਿ ਗੁਰਦੁਆਰੇ ਦੇ ਕੰਪਲੈਕਸ ਵਿਚ 2 ਵਿਅਕਤੀਆਂ ਵਿਚਕਾਰ ਲੜਾਈ ਹੋ ਗਈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੇ ਦੂਜੇ ਵਿਅਕਤੀ ਦੇ ਦੋਸਤ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਲੜਾਈ ਵਿਚ ਸ਼ਾਮਲ ਦੂਜੇ ਵਿਅਕਤੀ ਨੇ ਆਪਣੇ ਦੋਸਤ ਨੂੰ ਗੋਲੀ ਮਾਰਨ ਵਾਲੇ ਸ਼ਖ਼ਸ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। 

ਇਹ ਵੀ ਪੜ੍ਹੋ: ਅਮਰੀਕਾ ਦੇ ਟੈਨੇਸੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਸਾਲ ਦੀ ਬੱਚੀ ਸਮੇਤ 6 ਕੁੜੀਆਂ ਦੀ ਮੌਤ

ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਅਮਰ ਗਾਂਧੀ ਨੇ ਕਿਹਾ ਕਿ ਗੋਲੀਬਾਰੀ ਕਿਸੇ ਨਫ਼ਰਤੀ ਅਪਰਾਧ ਨਾਲ ਸਬੰਧਤ ਨਹੀਂ ਹੈ ਅਤੇ ਇਹ ਦੋ ਲੋਕਾਂ ਵਿਚਾਲੇ ਲੜਾਈ ਦੀ ਨਤੀਜਾ ਸੀ ਜੋ ਇੱਕ-ਦੂਜੇ ਨੂੰ ਜਾਣਦੇ ਸਨ। ਗਾਂਧੀ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੇ ਪਹਿਲਾਂ ਲੜਾਈ ਕੀਤੀ ਅਤੇ ਫਿਰ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਇਕ ਸ਼ੱਕੀ ਭਾਰਤੀ ਵਿਅਕਤੀ ਦੱਸਿਆ ਜਾ ਰਿਹਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਇਸ ਘਟਨਾ ਨਾਲ ਇਲਾਕੇ 'ਚ ਕਿਸੇ ਖ਼ਤਰਾ ਦਾ ਖ਼ਦਸ਼ਾ ਹੈ, ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਘਟਨਾ 'ਚ ਜ਼ਖਮੀ ਹੋਏ ਦੋਵੇਂ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋਈਆਂ ਵੀਡੀਓਜ਼ ਵਿਚ ਪੁਲਸ ਨੂੰ ਵਿਅਕਤੀਆਂ ਨੂੰ ਹਥਕੜੀਆਂ ਵਿੱਚ ਲਿਜਾਂਦੇ ਦੇਖਿਆ ਗਿਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਲੋਕ ਇਸ ਘਟਨਾ ਵਿੱਚ ਸ਼ਾਮਲ ਸਨ ਜਾਂ ਨਹੀਂ।

ਇਹ ਵੀ ਪੜ੍ਹੋ: ਕੈਨੇਡੀਅਨ ਸਿੱਖ ਸਰਵਣ ਸਿੰਘ ਨੇ ਬਣਾਇਆ ਦੁਨੀਆ ਦੀ ਸਭ ਤੋਂ ਲੰਮੀ ਦਾੜ੍ਹੀ ਰੱਖਣ ਦਾ ਰਿਕਾਰਡ (ਵੀਡੀਓ)

 


cherry

Content Editor

Related News