ਕੈਲੀਫੋਰਨੀਆ ਦੇ ਗੁਰਦੁਆਰਿਆਂ 'ਚ ਗੋਲ਼ੀਬਾਰੀ ਦਾ ਮਾਮਲਾ: ਪਵਿੱਤਰ ਤੇ ਹੁਸੈਨਦੀਪ ਸਬੰਧੀ ਹੋਏ ਵੱਡੇ ਖ਼ੁਲਾਸੇ

Thursday, Apr 20, 2023 - 11:38 AM (IST)

ਕੈਲੀਫੋਰਨੀਆ ਦੇ ਗੁਰਦੁਆਰਿਆਂ 'ਚ ਗੋਲ਼ੀਬਾਰੀ ਦਾ ਮਾਮਲਾ: ਪਵਿੱਤਰ ਤੇ ਹੁਸੈਨਦੀਪ ਸਬੰਧੀ ਹੋਏ ਵੱਡੇ ਖ਼ੁਲਾਸੇ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਕੈਲੀਫੋਰਨੀਆ ਦੀ ਪੁਲਸ ਵੱਲੋਂ ਸਟਾਕਟਨ ਅਤੇ ਸੈਕਰਾਮੈਂਟੋ ਸਥਿਤ ਗੁਰਦੁਆਰਿਆਂ ਅਤੇ ਹੋਰ ਸਥਾਵਾਂ 'ਤੇ ਗੋਲੀਬਾਰੀ ਦੀਆਂ ਘਟਨਾਵਾਂ 'ਤੇ ਸਬੰਧ ਵਿਚ ਵੀਕੈਂਡ 'ਤੇ ਗ੍ਰਿਫ਼ਤਾਰ ਕੀਤੇ ਗਏ 2 ਵਿਰੋਧੀ ਗਿਰੋਹਾਂ ਦੇ 17 ਲੋਕਾਂ ਵਿਚੋਂ 2 ਭਾਰਤ ਵਿਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ 2 ਹੋਰ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਹਨ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਬੁਲਾਰੇ ਅਨੁਸਾਰ ਪਵਿੱਤਰ ਸਿੰਘ ਅਤੇ ਹੁਸੈਨਦੀਪ ਸਿੰਘ ਭਾਰਤ ਵਿੱਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਅਜੇ ਉਨ੍ਹਾਂ ਦੀ ਨਾਗਰਿਕਤਾ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਅਜੇ ਵੀ ਭਾਰਤੀ ਨਾਗਰਿਕ ਹੈ ਅਤੇ ਉਸ ਦੀ ਅਮਰੀਕਾ ਵਿਚ ਸ਼ਰਣ ਲਈ ਅਰਜ਼ੀ ਪੈਂਡਿੰਗ ਹੈ।

ਇਹ ਵੀ ਪੜ੍ਹੋ: ਲਾਪਤਾ ਭਾਰਤੀ-ਅਮਰੀਕੀ ਸਾਫਟਵੇਅਰ ਇੰਜੀਨੀਅਰ ਦੀ ਮਿਲੀ ਲਾਸ਼

ਸਥਾਨਕ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਈ ਥਾਂਵਾਂ 'ਤੇ ਛਾਪੇਮਾਰੀ ਦੌਰਾਨ ਉੱਤਰੀ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਇਤਿਹਾਸਕ 'ਯੁਬਾ ਸਿਟੀ' ਅਤੇ ਉਸ ਦੇ ਆਲੇ-ਦੁਆਲੇ ਦੇ ਸਨ। ਇਹ ਲੋਕ 2 ਵਿਰੋਧੀ ਗਿਰੋਹਾਂ ਨਾਲ ਸਬੰਧਤ ਹਨ। ਇਨ੍ਹਾਂ ਗਿਰੋਹਾਂ ਦੇ ਨਾਂ ‘ਮਿੰਟਾ ਗਰੁੱਪ’ ਅਤੇ ‘ਏ.ਕੇ.47 ਗਰੁੱਪ’ ਹਨ। ਦੋਵੇਂ ਗਿਰੋਹਾਂ ਦੇ ਘੱਟੋ-ਘੱਟ 30-30 ਮੈਂਬਰ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਹੈਰਾਨ ਰਹਿ ਗਈਆਂ, ਜਦੋਂ ਉਨ੍ਹਾਂ ਕੋਲੋਂ ਕਈ ਖਤਰਨਾਕ ਹਥਿਆਰ ਬਰਾਮਦ ਹੋਏ।

ਇਹ ਵੀ ਪੜ੍ਹੋ: ਯਮਨ 'ਚ ਵਿੱਤੀ ਸਹਾਇਤਾ ਵੰਡ ਪ੍ਰੋਗਰਾਮ 'ਚ ਮਚੀ ਭੱਜ-ਦੌੜ, 85 ਲੋਕਾਂ ਦੀ ਮੌਤ

ਸੱਟਰ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਜੈਨੀਫਰ ਡੁਪਰੇ ਨੇ ਕਿਹਾ, "ਆਪਰੇਸ਼ਨ ਦੌਰਾਨ 41 ਹਥਿਆਰ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਏ.ਆਰ.15, ਏ.ਕੇ.-47, ਹੈਂਡਗਨ ਅਤੇ ਘੱਟੋ-ਘੱਟ ਇੱਕ ਮਸ਼ੀਨ ਗਨ ਸ਼ਾਮਲ ਹੈ।" ਸੈਨ ਜੋਕਿਨ ਕਾਉਂਟੀ ਤੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚੋਂ 2 ਧਰਮਵੀਰ ਸਿੰਘ ਉਰਫ ਮਿੰਟਾ ਅਤੇ ਜੋਬਨਜੀਤ ਸਿੰਘ ਨੂੰ ਮਾਨਟੇਕਾ ਜਾਂਦੇ ਸਮੇਂ ਰਸਤੇ ਵਿਚ ਰੋਕਿਆ ਗਿਆ ਸੀ। ਉਹ ਮਾਨਟੇਕਾ ਵਿਚ ਕਥਿਤ ਤੌਰ 'ਤੇ ਪਿਸਤੌਲ, ਮੈਗਜ਼ੀਨ ਅਤੇ ਪੂਰੀ ਤਰ੍ਹਾਂ ਆਟੋਮੈਟਿਕ ਹਥਿਆਰਾਂ ਜ਼ਰੀਏ ਇੱਕ ਵੱਡਾ ਹਮਲਾ ਕਰਨ ਵਾਲੇ ਸਨ। ਡੁਪਰੇ ਨੇ ਦੱਸਿਆ ਕਿ ਵੀਕੈਂਡ ਵਿਚ ਸੈਕਰਾਮੈਂਟੋ ਵਿੱਚ ਇੱਕ ਸਿੱਖ ਪਰੇਡ ਵਿੱਚ ਪਹੁੰਚਣ ਤੋਂ ਪਹਿਲਾਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ 2 ਵਾਹਨਾਂ ਨੂੰ ਰੋਕਣ ਵਿੱਚ ਕਾਮਯਾਬ ਰਹੇ। ਡੁਪਰੇ ਮੁਤਾਬਕ ਇਨ੍ਹਾਂ ਦੋ ਅਪਰਾਧਕ ਗਿਰੋਹਾਂ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਈਚਾਰੇ ਦੀ ਪ੍ਰਤੀਕਿਰਿਆ "ਬਹੁਤ ਸਕਾਰਾਤਮਕ" ਹੈ ਅਤੇ ਸਮੂਹਿਕ ਗੋਲੀਬਾਰੀ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਦੁਬਈ ਅਗਨੀਕਾਂਡ: ਗੁਆਂਢੀਆਂ ਲਈ ਇਫਤਾਰ ਦੀ ਤਿਆਰੀ ਕਰ ਰਿਹਾ ਸੀ ਭਾਰਤੀ ਜੋੜਾ


author

cherry

Content Editor

Related News