ਪਾਕਿਸਤਾਨ ''ਚ ਆਤਮਘਾਤੀ ਧਮਾਕਾ, ਦੋ ਲੋਕਾਂ ਦੀ ਮੌਤ, 22 ਜ਼ਖਮੀ

Thursday, Mar 21, 2024 - 03:11 PM (IST)

ਪਾਕਿਸਤਾਨ ''ਚ ਆਤਮਘਾਤੀ ਧਮਾਕਾ, ਦੋ ਲੋਕਾਂ ਦੀ ਮੌਤ, 22 ਜ਼ਖਮੀ

ਪੇਸ਼ਾਵਰ (ਪੋਸਟ ਬਿਊਰੋ)- ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੇਤਰ ਵਿੱਚ ਵੀਰਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਸੁਰੱਖਿਆ ਬਲਾਂ ਦੇ ਕਾਫਲੇ 'ਤੇ ਵਿਸਫੋਟਕ ਨਾਲ ਭਰੇ ਵਾਹਨ ਨਾਲ ਟੱਕਰ ਮਾਰ ਦਿੱਤੀ। ਇਸ ਹਮਲੇ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਹ ਘਟਨਾ ਦੇਸ਼ ਦੇ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿੱਚ ਉਸ ਸਮੇਂ ਵਾਪਰੀ, ਜਦੋਂ ਸੁਰੱਖਿਆ ਕਾਫਲਾ ਜ਼ਿਲ੍ਹੇ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵੱਲ ਜਾ ਰਿਹਾ ਸੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "ਆਤਮਘਾਤੀ ਧਮਾਕੇ ਵਿੱਚ ਘੱਟੋ-ਘੱਟ 2 ਲੋਕ ਮਾਰੇ ਗਏ ਅਤੇ 22 ਹੋਰ ਜ਼ਖਮੀ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਦੋ ਮ੍ਰਿਤਕ ਫੌਜ ਦੇ ਸਨ। ਹਾਲਾਂਕਿ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਹੋਈ ਹੈ।" ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਸਰਕਾਰ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ, 'ਸਪਾਊਸ ਵਰਕ ਪਰਮਿਟ' ਕੀਤੇ ਬੰਦ

ਸੁਰੱਖਿਆ ਬਲਾਂ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁੱਖ ਟੈਂਕ-ਡੇਰਾ ਇਸਮਾਈਲ ਖਾਨ ਸੜਕ ਨੂੰ ਹਰ ਤਰ੍ਹਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ। ਬੰਬ ਨਿਰੋਧਕ ਦਸਤੇ ਦੇ ਇੱਕ ਅਧਿਕਾਰੀ ਨੇ ਕਿਹਾ,"ਅਸੀਂ ਆਤਮਘਾਤੀ ਹਮਲੇ ਵਿੱਚ ਵਰਤੇ ਗਏ ਵਿਸਫੋਟਕਾਂ ਦੀ ਮਾਤਰਾ ਨਿਰਧਾਰਤ ਕਰ ਰਹੇ ਹਾਂ"। ਖੈਬਰ ਪਖਤੂਨਖਵਾ ਸੂਬਾ ਬਹੁਤ ਅਸ਼ਾਂਤ ਸੂਬਾ ਹੈ ਅਤੇ ਸੁਰੱਖਿਆ ਬਲਾਂ 'ਤੇ ਹਮਲੇ ਅਕਸਰ ਹੁੰਦੇ ਰਹਿੰਦੇ ਹਨ। ਪਿਛਲੇ ਹਫਤੇ ਇੱਕ ਹਥਿਆਰਬੰਦ ਸਮੂਹ ਨੇ ਅਫਗਾਨਿਸਤਾਨ ਦੀ ਸਰਹੱਦ ਦੇ ਨੇੜੇ ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਫੌਜੀ ਚੌਕੀ 'ਤੇ ਹਮਲਾ ਕੀਤਾ ਸੀ, ਜਿਸ ਵਿੱਚ ਵਿਸਫੋਟਕਾਂ ਨਾਲ ਭਰੇ ਇੱਕ ਵਾਹਨ ਦੇ ਨਾਲ-ਨਾਲ ਆਤਮਘਾਤੀ ਬੰਬਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚ ਸੁਰੱਖਿਆ ਬਲ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਦਸੰਬਰ ਵਿੱਚ ਕੁੱਲ 23 ਸੈਨਿਕ ਮਾਰੇ ਗਏ ਸਨ ਜਦੋਂ ਇੱਕ ਪਾਕਿਸਤਾਨੀ ਤਾਲਿਬਾਨ ਨਾਲ ਜੁੜੇ ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਸੂਬੇ ਵਿੱਚ ਸੁਰੱਖਿਆ ਬਲਾਂ ਦੀ ਇੱਕ ਚੌਕੀ ਵਿੱਚ ਵਿਸਫੋਟਕ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News