ਉੱਤਰੀ ਕੋਰੀਆ ਦੇ ਸਫਾਰਤਖਾਨੇ ਵਿਚ ਨਾਜਾਇਜ਼ ਤੌਰ ''ਤੇ ਦਾਖਲ ਹੋਣ ''ਤੇ ਦੋ ਪੱਤਰਕਾਰ ਗ੍ਰਿਫਤਾਰ
Friday, Jun 08, 2018 - 05:21 PM (IST)

ਸਿੰਗਾਪੁਰ (ਭਾਸ਼ਾ)- ਉੱਤਰ ਕੋਰੀਆ ਦੇ ਸਫਾਰਤਖਾਨੇ ਵਿਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦੇ ਦੋਸ਼ ਵਿਚ ਦੱਖਣੀ ਕੋਰੀਆ ਦੇ ਦੋ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ 12 ਜੂਨ ਨੂੰ ਹੋਣ ਵਾਲੀ ਸ਼ਿਖਰ ਵਾਰਤਾ ਤੋਂ ਕੁਝ ਦਿਨ ਪਹਿਲਾਂ ਇਹ ਘਟਨਾ ਵਾਪਰੀ। ਪੁਲਸ ਨੇ ਅੱਜ ਫੇਸਬੁੱਕ ਉੱਤੇ ਪੋਸਟ ਵਿਚ ਲਿਖਿਆ ਕਿ ਕੋਰੀਅਨ ਬ੍ਰਾਡਕਾਸਟਿੰਗ ਸਿਸਟਮ ਨਿਊਜ਼ (ਕੇ.ਬੀ.ਐਸ.) ਲਈ ਕੰਮ ਕਰਨ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ ਦੀ ਉਮਰ 42 ਅਤੇ 45 ਸਾਲ ਹੈ। ਦੱਖਣੀ ਕੋਰੀਆ ਦੇ ਦੋ ਹੋਰ ਲੋਕਾਂ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਵਿਚ 31 ਸਾਲਾ ਇਕ ਵਿਅਕਤੀ ਕੇ.ਬੀ.ਐਸ. ਨਿਊਜ਼ ਲਈ ਕੰਮ ਕਰਦਾ ਹੈ, ਜਦੋਂ ਕਿ 29 ਸਾਲਾ ਇਕ ਵਿਅਕਤੀ ਸਮੂਹ ਦਾ ਗਾਈਡ ਅਤੇ ਅਨੁਵਾਦਕ ਹੈ। ਪੁਲਸ ਨੂੰ ਕਲ ਉੱਤਰੀ ਕੋਰੀਆ ਦੇ ਸਫਾਰਤਖਾਨੇ ਵਿਚ ਨਾਜਾਇਜ਼ ਤੌਰ 'ਤੇ ਲੋਕਾਂ ਦੇ ਦਾਖਲ ਹੋਣ ਬਾਰੇ ਸੂਚਨਾ ਮਿਲੀ ਸੀ। ਸ਼ਿਖਰ ਵਾਰਤਾ ਦੇ ਆਯੋਜਨ ਸਥਾਨ ਦੇ ਨੇੜੇ ਬਹੁਤ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ।