ਕਰਤਾਰਪੁਰ ਸਾਹਿਬ 'ਚ 75 ਸਾਲ ਬਾਅਦ ਮਿਲੇ ਵੰਡ ਦੌਰਾਨ ਵਿਛੜੇ ਦੋ ਦੋਸਤ, ਤੋਹਫ਼ੇ 'ਚ ਦਿੱਤੀ ਪਿੰਡ ਦੀ ਮਿੱਟੀ

06/28/2023 3:03:59 PM

ਇਸਲਾਮਾਬਾਦ: 1947 ਦੀ ਭਾਰਤ-ਪਾਕਿਸਤਾਨ ਵੰਡ ਨੇ ਕਈ ਪਰਿਵਾਰ ਅਤੇ ਦੋਸਤ ਵੱਖ ਕਰ ਦਿੱਤੇ। ਜਿਨ੍ਹਾਂ ਨੇ ਉਸ ਦੌਰ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ, ਉਨ੍ਹਾਂ ਦੇ ਮਨਾਂ ਵਿੱਚ ਅੱਜ ਵੀ ਕਈ ਭਿਆਨਕ ਯਾਦਾਂ ਹਨ। ਭਾਰਤ ਹੋਵੇ ਜਾਂ ਪਾਕਿਸਤਾਨ, ਸਰਹੱਦ ਪਾਰ ਕਰਨ ਵਾਲੇ ਲੋਕ ਅੱਜ ਵੀ ਆਪਣੀ ਜਨਮ ਭੂਮੀ ਦਾ ਸਤਿਕਾਰ ਕਰਦੇ ਹਨ। ਅਜਿਹੇ ਕਈ ਮਾਮਲੇ ਵੀ ਸਾਹਮਣੇ ਆਏ ਹਨ, ਜਿੱਥੇ ਲੋਕ ਲੰਬੇ ਸਮੇਂ ਬਾਅਦ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਮੁੜ ਮਿਲੇ ਜਾਂ ਆਪਣੇ ਜੱਦੀ ਘਰ ਨੂੰ ਦੇਖਣ ਲਈ ਕਿਸੇ ਹੋਰ ਦੇਸ਼ ਗਏ। ਕਰਤਾਰਪੁਰ ਸਾਹਿਬ ਗੁਰਦੁਆਰਾ ਵਿਛੜਿਆਂ ਨੂੰ ਮਿਲਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ, ਜਿੱਥੇ ਹੁਣ ਤੱਕ ਭਾਰਤ ਅਤੇ ਪਾਕਿਸਤਾਨ ਦੇ ਕਈ ਪਰਿਵਾਰ ਮੁੜ ਇਕੱਠੇ ਹੋ ਚੁੱਕੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਤਾਜ ਮੁਹੰਮਦ ਅਤੇ ਸਰਦਾਰ ਮਨੋਹਰ ਸਿੰਘ ਦੀ ਮੁਲਾਕਾਤ ਦਾ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਇਹ ਕਹਾਣੀ ਸਾਂਝੀ ਕੀਤੀ ਹੈ।

ਦੋਸਤ ਤੋਂ ਮੰਗਾਈ ਪਿੰਡ ਦੀ ਮਿੱਟੀ

PunjabKesari

ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਤਾਜ ਮੁਹੰਮਦ ਅਤੇ ਸਰਦਾਰ ਮਨੋਹਰ ਸਿੰਘ ਵੰਡ ਤੋਂ ਪਹਿਲਾਂ ਦੋਸਤ ਸਨ ਪਰ ਸਰਹੱਦਾਂ ਖਿੱਚਣ ਤੋਂ ਬਾਅਦ ਸਭ ਕੁਝ ਖਤਮ ਹੋ ਗਿਆ। ਪਰ ਕਈ ਸਾਲਾਂ ਬਾਅਦ ਜਦੋਂ ਸੋਸ਼ਲ ਮੀਡੀਆ ਆਇਆ ਤਾਂ ਪੁਰਾਣੇ ਦੋਸਤਾਂ ਨੂੰ ਮਿਲਣ ਦੀ ਆਸ ਬੱਝੀ। ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜੁੜੇ ਅਤੇ ਕਈ ਸਾਲਾਂ ਬਾਅਦ ਇਹ ਦੋਸਤੀ ਫਿਰ ਤੋਂ ਜਾਗੀ ਅਤੇ ਦੋਵਾਂ ਨੇ ਮਿਲਣ ਦਾ ਫ਼ੈਸਲਾ ਕੀਤਾ। ਮੁਹੰਮਦ ਹੁਣ ਪਾਕਿਸਤਾਨ ਦੇ ਪੰਜਾਬ ਦੇ ਓਕਾਰਾ ਵਿੱਚ ਰਹਿੰਦਾ ਹੈ, ਪਰ ਅੱਜ ਵੀ ਉਸਨੂੰ ਆਪਣੀ ਜਨਮ ਭੂਮੀ ਜਲੰਧਰ ਦੀ ਮਿੱਟੀ ਯਾਦ ਆਉਂਦੀ ਹੈ। ਜਦੋਂ ਦੋਵਾਂ ਦੋਸਤਾਂ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਮਿਲਣ ਦਾ ਫ਼ੈਸਲਾ ਕੀਤਾ ਤਾਂ ਮੁਹੰਮਦ ਨੇ ਆਪਣੇ ਦੋਸਤ ਨੂੰ ਪਿੰਡ ਤੋਂ ਮਿੱਟੀ ਲਿਆਉਣ ਲਈ ਕਿਹਾ। ਜਦੋਂ ਦੋਵੇਂ ਦੋਸਤ ਮਿਲੇ ਤਾਂ ਸਿੰਘ ਉਨ੍ਹਾਂ ਲਈ ਤੋਹਫ਼ੇ ਵਜੋਂ ਮਿੱਟੀ ਲੈ ਆਇਆ। ਗੁਰਦੁਆਰਾ ਸਾਹਿਬ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਨੇ ਦੱਸਿਆ ਕਿ ਓਕਾਰਾ (ਪਾਕਿਸਤਾਨ) ਦੇ ਤਾਜ ਮੁਹੰਮਦ ਨੇ ਸਰਦਾਰ ਮਨੋਹਰ ਸਿੰਘ ਨਾਲ ਮੁਲਾਕਾਤ ਕੀਤੀ ਜੋ ਆਪਣੇ ਜੱਦੀ ਪਿੰਡ ਜਲੰਧਰ (ਭਾਰਤ) ਤੋਂ ਕਰਤਾਰਪੁਰ ਲਾਂਘੇ ਰਾਹੀਂ ਆਇਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਸਾਬਕਾ ਹਿੰਦੂ ਸੰਸਦ ਮੈਂਬਰ ਮੱਲ੍ਹੀ ਦੇ ਘਰ 'ਤੇ ਚੱਲਿਆ ਬੁਲਡੋਜ਼ਰ, PTI ਨੇ ਕੀਤੀ ਨਿੰਦਾ (ਵੀਡੀਓ)

ਕਰਤਾਰਪੁਰ ਲਾਂਘੇ ਨੇ ਮੈਨੂੰ ਦੋਸਤ ਨਾਲ ਮਿਲਾਇਆ

ਅਧਿਕਾਰੀਆਂ ਮੁਤਾਬਕ ਮੁਹੰਮਦ ਅਤੇ ਸਿੰਘ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਕਿਹਾ ਕਿ ਉਹ ਸਰਕਾਰ ਅਤੇ ਪੀਐਮਯੂ ਕਰਤਾਰਪੁਰ ਦੇ ਧੰਨਵਾਦੀ ਹਨ, ਜਿਨ੍ਹਾਂ ਦੀ ਬਦੌਲਤ ਉਹ 75 ਸਾਲਾਂ ਬਾਅਦ ਮਿਲ ਸਕੇ ਹਨ। ਜੀਓ ਨਿਊਜ਼ ਨਾਲ ਗੱਲ ਕਰਦਿਆਂ ਮੁਹੰਮਦ ਨੇ ਕਿਹਾ ਕਿ "ਕਰਤਾਰਪੁਰ ਲਾਂਘੇ ਨੇ ਮੈਨੂੰ ਮੇਰੇ ਦੋਸਤ ਅਤੇ ਜਲੰਧਰ ਦੀ ਮਿੱਟੀ ਨਾਲ ਦੁਬਾਰਾ ਮਿਲਾ ਦਿੱਤਾ।" ਇਸੇ ਤਰ੍ਹਾਂ ਇਸਲਾਮਾਬਾਦ ਤੋਂ ਆਪਣੇ ਪਰਿਵਾਰ ਸਮੇਤ ਪਹੁੰਚੇ ਯੂਸਫ ਮਸੀਹ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦੀ ਬਦੌਲਤ ਉਹਨਾਂ ਦੀ ਭਾਰਤ ਵਿਚ ਰਹਿੰਦੀ ਆਪਣੀ ਸਕੀ ਭੂਆ ਦੇ ਪੁੱਤਰ ਮੋਹਨ ਮਸੀਹ ਅਤੇ ਅਗਾਂਹ ਉਹਨਾਂ ਦੇ ਪੁੱਤਰ ਪ੍ਰੇਮਜੀਤ ਪ੍ਰੇਮ ਨਾਲ ਮੁਲਾਕਾਤ ਸੰਭਵ ਹੋ ਸਕੀ। ਮੋਹਨ ਮਸੀਹ ਨੇ ਦੱਸਿਆ ਕਿ ਉਸ ਨੇ ਕਈ ਵਾਰ ਵੀਜ਼ਾ ਲਗਵਾ ਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ  ਸੰਭਵ ਨਾ ਹੋ ਸਕਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News