ਯਮਨ ਵਿਚ ਹੜ੍ਹ ਕਾਰਨ ਕਈ ਘਰਾਂ ਨੂੰ ਪੁੱਜਾ ਭਾਰੀ ਨੁਕਸਾਨ, ਦੋ ਬੱਚਿਆਂ ਦੀ ਮੌਤ

05/05/2020 6:58:08 AM

ਸਾਨਾ- ਯਮਨ ਵਿਚ ਪਿਛਲੇ 24 ਘੰਟਿਆਂ ਤੋਂ ਪਏ ਭਾਰੀ ਮੀਂਹ ਅਤੇ ਹੜ੍ਹ ਕਾਰਨ ਇਬ ਸੂਬੇ ਵਿਚ ਕਈ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਅਲ-ਮਸਦਰ ਨਿਊਜ਼ ਵੈਬਸਾਈਟ ਮੁਤਾਬਕ, ਇਬ ਸੂਬੇ ਦੇ ਅਲ-ਸਯਾਨੀ ਜ਼ਿਲ੍ਹੇ ਵਿਚ ਇਕ 9 ਸਾਲਾ ਬੱਚੀ ਹੜ੍ਹ ਵਿਚ ਰੁੜ੍ਹ ਗਈ, ਜਦੋਂ ਕਿ ਇਕ 14 ਸਾਲਾ ਲੜਕੀ ਭੇਡਾਂ ਨੂੰ ਚਰਾਉਂਦੀ ਹੋਈ ਹੜ੍ਹ ਵਿਚ ਡੁੱਬ ਗਈ। 

ਭਾਰੀ ਮੀਂਹ ਅਤੇ ਹੜ੍ਹ ਕਾਰਨ ਦੋਵਾਂ ਜ਼ਿਲ੍ਹਿਆਂ ਦੇ ਕਈ ਪਿੰਡ ਨੁਕਸਾਨੇ ਗਏ ਹਨ। ਸਥਾਨਕ ਸਿਹਤ ਅਧਿਕਾਰੀਆਂ ਮੁਤਾਬਕ, ਪਿਛਲੇ ਦੋ ਹਫ਼ਤਿਆਂ ਵਿਚ ਮਾਰੀਬ ਅਤੇ ਸਾਨਾ ਸੂਬਿਆਂ ਵਿਚ ਆਏ ਹੜ੍ਹਾਂ ਨਾਲ ਪੰਜ ਬੱਚਿਆਂ ਸਣੇ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਹੈ। 

ਯਮਨ ਵਿਚ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦੇ ਦਫ਼ਤਰ ਮੁਤਾਬਕ, ਅਪ੍ਰੈਲ ਦੇ ਅੱਧ ਤੱਕ 13 ਸੂਬਿਆਂ ਵਿਚ 21,240 ਪਰਿਵਾਰ ਹੜ੍ਹ ਨਾਲ ਪ੍ਰਭਾਵਤ ਹੋਏ ਹਨ। ਇਸ ਦੌਰਾਨ, ਯਮਨ ਵਿਚ ਸੋਮਵਾਰ ਨੂੰ ਕੋਵਿਡ-19 ਦੇ ਦੋ ਨਵੇਂ ਮਾਮਲੇ ਆਉਣ ਨਾਲ ਇੱਥੇ ਕੁੱਲ ਗਿਣਤੀ 12 ਹੋ ਗਈ ਹੈ। 


Lalita Mam

Content Editor

Related News