ਕੋਰੋਨਾ ਕਹਿਰ ਦੇ ਹੈਰਾਨੀਜਨਕ ਅੰਕੜੇ, ਬਾਈਡੇਨ ਨਾਲੋਂ ਟਰੰਪ ਦੇ ਸਮਰਥਕ ਸੂਬਿਆਂ ''ਚ ਮੌਤ ਦਰ ਢਾਈ ਗੁਣਾ ਵਧੇਰੇ
Tuesday, Dec 07, 2021 - 05:28 PM (IST)
ਵਾਸ਼ਿੰਗਟਨ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਦਹਿਸ਼ਤ ਫੈਲੀ ਹੋਈ ਹੈ। ਓਮੀਕਰੋਨ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ ਅਤੇ ਹੁਣ ਤੱਕ ਇਹ ਵੇਰੀਐਂਟ 40 ਦੇ ਕਰੀਬ ਦੇਸ਼ਾਂ ਵਿਚ ਫੈਲ ਚੁੱਕਾ ਹੈ। ਵੱਖ-ਵੱਖ ਦੇਸ਼ ਕੋਰੋਨਾ ਦੀ ਵੈਕਸੀਨ 'ਤੇ ਜ਼ੋਰ ਦੇ ਰਹੇ ਹਨ। ਉਥੇ ਹੀ ਇਸ ਦਰਮਿਆਨ ਅਮਰੀਕਾ ’ਚ ਕੋਰੋਨਾ ਸੰਕ੍ਰਮਣ ਦਾ ਸਿਆਸੀ ਪਹਿਲੂ ਸਾਹਮਣੇ ਆਇਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੋਟ ਦੇਣ ਵਾਲੇ ਰਿਪਬਲਿਕਨ ਸੂਬਿਆਂ ’ਚ 60 ਫ਼ੀਸਦੀ ਲੋਕਾਂ ਨੇ ਅਜੇ ਤੱਕ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਨਹੀਂ ਲਗਵਾਈ ਹੈ। ਜਦੋਂਕਿ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਪਿਛਲੀਆਂ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਜੋਅ ਬਾਈਡੇਨ ਨੂੰ ਬਹੁਮਤ ਦੇਣ ਵਾਲੇ ਸੂਬਿਆਂ ’ਚ 83 ਫ਼ੀਸਦੀ ਲੋਕ ਵੈਕਸੀਨ ਲਗਵਾ ਚੁੱਕੇ ਹਨ।
ਇਹ ਵੀ ਪੜ੍ਹੋ : ਧੀ ਦਾ ਕਾਰਾ, 6 ਮਹੀਨਿਆਂ ਤੱਕ ਘਰ ’ਚ ਲੁਕਾ ਕੇ ਰੱਖੀ ਮਾਂ ਦੀ ਲਾਸ਼, ਵਜ੍ਹਾ ਜਾਣ ਹੋਵੋਗੇ ਹੈਰਾਨ
ਇਸ ਤਰ੍ਹਾਂ ਕੋਰੋਨਾ ਕਾਰਨ ਅਮਰੀਕਾ ’ਚ ਹੋਣ ਵਾਲੀਆਂ ਮੌਤਾਂ ਟਰੰਪ ਵਾਲੇ ਸੂਬਿਆਂ ਯਾਨੀ ਰਿਪਬਲਿਕਨ ਸਟੇਟਸ ’ਚ ਬਾਈਡੇਨ ਦੇ ਡੈਮੋਕ੍ਰੇਟਿਕ ਸਟੇਟਸ ਤੋਂ ਲਗਭਗ ਢਾਈ ਗੁਣਾ ਜ਼ਿਆਦਾ ਹਨ। ਇਕ ਰਿਪੋਰਟ ਅਨੁਸਾਰ ਰਿਪਬਲਿਕਨ ਪਾਰਟੀ ’ਚ ਜ਼ਿਆਦਾ ਮੌਤ ਦਰ ਅਤੇ ਸੰਕਰਮਣ ਦਾ ਸਭ ਤੋਂ ਵੱਡਾ ਕਾਰਨ ਰਿਪਬਲਿਕਨ ਪਾਰਟੀ ਵੱਲੋਂ ਟੀਕਾਕਰਨ ਅਤੇ ਤਾਲਾਬੰਦੀ ਦਾ ਵਿਰੋਧ ਹੈ। ਰਿਪਬਲਿਕਨ ਪਾਰਟੀ ਦੇ ਜ਼ਿਆਦਾਤਰ ਸਮਰਥਕ ਵੈਕਸੀਨ ਲਗਵਾਉਣ ਦੇ ਵਿਰੋਧ ’ਚ ਹਨ। ਰਿਪੋਰਟ ਅਨੁਸਾਰ ਪਤਾ ਲੱਗਾ ਹੈ ਕਿ ਰਿਪਬਲਿਕਨ ਪਾਰਟੀ ਅੰਦਰ ਟੀਕਿਆਂ ਨੂੰ ਲੈ ਕੇ ਧਾਰਮਿਕ ਅਤੇ ਸਮਾਜਿਕ ਧਾਰਨਾਵਾਂ ਹਨ। ਰਿਪੋਰਟ ਦੇ ਸਰਵੇ ਮੁਤਾਬਕ 90 ਫ਼ੀਸਦੀ ਰਿਪਬਲਿਕਨ ਟੀਕਿਆਂ ਨੂੰ ਲੈ ਕੇ ਘੱਟੋ-ਘੱਟ ਇਕ ਗਲਤ ਧਾਰਨਾ ਤੋਂ ਪੀੜਤ ਹਨ ਅਤੇ ਉਹ ਇਸ ਨੂੰ ਸਹੀ ਮੰਨਦੇ ਹਨ।
ਇਹ ਵੀ ਪੜ੍ਹੋ : ਓਮੀਕਰੋਨ ਦੀ ਦਹਿਸ਼ਤ, ਪਾਕਿਸਤਾਨ ਨੇ 15 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।