ਟਿਲਰਸਨ ਲਈ ਆਸਾਨ ਨਹੀਂ ਹੋਵੇਗਾ ਤੁਰਕੀ ਦੌਰਾ: ਅਧਿਕਾਰੀ

02/10/2018 9:55:36 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦਾ ਅਗਲੇ ਹਫਤੇ ਹੋਣ ਵਾਲਾ ਤੁਰਕੀ ਦੌਰਾ ਕਾਫੀ 'ਮੁਸ਼ਕਲਾਂ' ਭਰਿਆ ਹੋਵੇਗਾ। ਯਾਤਰਾ ਤੋਂ ਪਹਿਲਾਂ ਟਿਲਰਸਨ ਦੇ ਵਫਦ ਦਾ ਕਹਿਣਾ ਹੈ ਕਿ ਇਸ ਦੌਰਾਨ ਤੁਰਕੀ ਨਾਲ ਸੀਰੀਆ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ 'ਤੇ ਚਰਚਾ ਹੋਣੀ ਹੈ। ਤੁਰਕੀ ਨੇ ਪਿਛਲੇ ਮਹੀਨੇ ਪੱਛਮੀ ਉਤਰੀ ਸੀਰੀਆ ਵਿਚ ਤਥਾ-ਕਥਿਤ ਅੱਤਵਾਦੀ ਕੁਰਦ ਮਿਲੀਸ਼ੀਆ 'ਤੇ ਹਮਲੇ ਸ਼ੁਰੂ ਕਰ ਦਿੱਤੇ ਸਨ।
ਜ਼ਿਕਰਯੋਗ ਹੈ ਕਿ ਕੁਰਦ ਮਿਲੀਸ਼ਿਆ ਨੂੰ ਵਾਸ਼ਿੰਗਟਨ ਹਥਿਆਰ ਮੁਹੱਈਆ ਕਰਾਉਂਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰਦਾ ਹੈ, ਬਦਲੇ ਵਿਚ ਮਿਲੀਸ਼ੀਆ ਸਥਾਨਕ ਪੱਧਰ 'ਤੇ ਇਸਲਾਮਿਕ ਸਟੇਟ ਸਮੂਹ (ਆਈ. ਐਸ) ਵਿਰੁੱਧ ਲੜਾਈ ਵਿਚ ਸਾਥ ਦਿੰਦਾ ਹੈ। ਤੁਰਕੀ ਦੇ ਇਨ੍ਹਾਂ ਅਭਿਆਨਾਂ ਨੇ ਅਮਰੀਕਾ ਨਾਲ ਉਸ ਦੇ ਸਬੰਧਾਂ ਨੂੰ ਹੋਰ ਗੁੰਝਲਦਾਰ ਅਤੇ ਤਣਾਅਪੂਰਨ ਬਣਾ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਤੋਂ ਸ਼ੁਰੂ ਹੋ ਰਹੀ ਟਿਲਰਸਨ ਦੀ ਯਾਤਰਾ ਤੋਂ ਪਹਿਲਾਂ ਕਿਹਾ ਕਿ ਅਸੀਂ ਉਨ੍ਹਾਂ ਨਾਲ ਅਫ੍ਰਿਨ ਵਿਚ ਅਭਿਆਨ ਤੋਂ ਪਰਹੇਜ ਕਰਨ ਅਤੇ ਸੀਰੀਆ ਦੀ ਉਤਰੀ ਸਰਹੱਦ 'ਤੇ ਅਭਿਆਨਾਂ ਵਿਚ ਕਮੀ ਲਿਆਉਣ ਦੀ ਬੇਨਤੀ ਕਰ ਰਹੇ ਹਾਂ। ਟਿਲਰਸਨ ਆਪਣੀ ਇਸ ਯਾਤਰਾ ਦੌਰਾਨ ਤੁਰਕੀ ਤੋਂ ਇਲਾਵਾ ਕਾਹਿਰਾ, ਕੁਵੈਤ ਸਿਟੀ, ਅੱਮਾਨ ਅਤੇ ਬੈਰੂਤ ਵੀ ਜਾਣਗੇ।


Related News