ਦੁਨੀਆ ਭਰ 'ਚ ਹਿਜਾਬ ਵਿਰੋਧੀ ਲਹਿਰ, ਹੁਣ ਤੁਰਕੀ ਦੀ ਮਸ਼ਹੂਰ ਗਾਇਕਾ ਨੇ ਸਟੇਜ 'ਤੇ ਕੱਟੇ ਵਾਲ (ਵੀਡੀਓ)

Wednesday, Sep 28, 2022 - 04:49 PM (IST)

ਦੁਨੀਆ ਭਰ 'ਚ ਹਿਜਾਬ ਵਿਰੋਧੀ ਲਹਿਰ, ਹੁਣ ਤੁਰਕੀ ਦੀ ਮਸ਼ਹੂਰ ਗਾਇਕਾ ਨੇ ਸਟੇਜ 'ਤੇ ਕੱਟੇ ਵਾਲ (ਵੀਡੀਓ)

ਤੇਹਰਾਨ/ਅੰਕਾਰਾ (ਬਿਊਰੋ): ਈਰਾਨ 'ਚ 22 ਸਾਲਾ ਮਹਿਸਾ ਅਮੀਨੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਮਾਰ ਦਿੱਤੇ ਜਾਣ ਤੋਂ ਬਾਅਦ ਪੂਰੀ ਦੁਨੀਆ 'ਚ ਹਿਜਾਬ ਵਿਰੋਧੀ ਲਹਿਰ ਫੈਲ ਰਹੀ ਹੈ। ਹੁਣ ਅਰਬ ਦੇਸ਼ਾਂ 'ਚ ਜਿੱਥੇ ਔਰਤਾਂ ਨੇ ਵੀ ਹਿਜਾਬ ਦੀ ਜ਼ਰੂਰਤ ਦੇ ਖ਼ਿਲਾਫ਼ ਲਿਖਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੁਣ ਤੁਰਕੀ ਦੀ ਮਸ਼ਹੂਰ ਗਾਇਕਾ ਮੇਲੇਕ ਮੋਸੋ ਨੇ ਪਰਫਾਰਮੈਂਸ ਦਿੰਦੇ ਹੋਏ ਮਹਿਸਾ ਅਮੀਨੀ ਦੇ ਸਮਰਥਨ 'ਚ ਅਤੇ ਹਿਜਾਬ ਦੇ ਖ਼ਿਲਾਫ਼ ਆਪਣੇ ਵਾਲ ਕੱਟ ਦਿੱਤੇ ਹਨ। ਸਟੇਜ 'ਤੇ ਉਨ੍ਹਾਂ ਦੇ ਵਾਲ ਕੱਟਣ ਦਾ ਵੀਡੀਓ ਪੂਰੀ ਦੁਨੀਆ 'ਚ ਵਾਇਰਲ ਹੋ ਰਿਹਾ ਹੈ।

ਮੇਲੇਕ ਮੋਸੋ ਨੇ ਕੱਟੇ ਆਪਣੇ ਵਾਲ  

ਤੁਰਕੀ ਦੀ ਗਾਇਕਾ ਮੇਲੇਕ ਮੋਸੋ ਈਰਾਨ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਗਈ ਹੈ ਅਤੇ ਉਹਨਾਂ ਨੇ ਈਰਾਨੀ ਔਰਤਾਂ ਦੇ ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਸਟੇਜ 'ਤੇ ਆਪਣੇ ਵਾਲ ਕੱਟੇ ਹਨ। ਉਸ ਦੇ ਵਾਲ ਕੱਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕੈਂਚੀ ਨਾਲ ਆਪਣੇ ਵਾਲ ਕੱਟਦੀ ਨਜ਼ਰ ਆ ਰਹੀ ਹੈ। ਪਿਛਲੇ ਦਿਨੀਂ ਉਸ ਨੇ ਟਵਿੱਟਰ 'ਤੇ ਮਹਿਸਾ ਅਮੀਨੀ ਦੀ ਮੌਤ ਦਾ ਵਿਰੋਧ ਕਰਦੇ ਹੋਏ ਈਰਾਨੀ ਔਰਤਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ। ਮਹਿਸਾ ਅਮੀਨੀ ਦੀ ਮੌਤ ਦਾ ਪੂਰੇ ਈਰਾਨ 'ਚ ਵਿਰੋਧ ਹੋ ਰਿਹਾ ਹੈ ਅਤੇ ਹੁਣ ਇਹ ਪ੍ਰਦਰਸ਼ਨਕਾਰੀ ਸੱਤਾ ਬਦਲਣ ਦੀ ਮੰਗ ਕਰ ਰਹੇ ਹਨ। 

 

ਈਰਾਨੀ ਔਰਤਾਂ ਦੇਸ਼ ਦੇ ਕੱਟੜਪੰਥੀ ਇਸਲਾਮੀ ਸ਼ਾਸਨ ਨੂੰ ਉਖਾੜ ਸੁੱਟਣ ਦੀ ਮੰਗ ਕਰ ਰਹੀਆਂ ਹਨ ਅਤੇ ਆਪਣੇ ਲਈ ਪੂਰੀ ਆਜ਼ਾਦੀ ਅਤੇ ਅਧਿਕਾਰ ਦੀ ਮੰਗ ਕਰ ਰਹੀਆਂ ਹਨ। ਇਸ ਦੇ ਨਾਲ ਹੀ ਈਰਾਨ ਦੀ ਕੱਟੜਪੰਥੀ ਇਸਲਾਮਿਕ ਸਰਕਾਰ ਇਸ ਪ੍ਰਦਰਸ਼ਨ ਨੂੰ ਕੁਚਲਣ ਦੀ ਹਰ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਤੱਕ 75 ਤੋਂ ਵੱਧ ਪ੍ਰਦਰਸ਼ਨਕਾਰੀ ਮਾਰੇ ਜਾ ਚੁੱਕੇ ਹਨ। ਹਾਲਾਂਕਿ, ਈਰਾਨੀ ਅਧਿਕਾਰੀਆਂ ਨੇ ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ 41 ਦੱਸੀ ਹੈ।ਇਸ ਹਿੰਸਕ ਪ੍ਰਦਰਸ਼ਨ 'ਚ ਮਾਰੇ ਗਏ ਲੋਕਾਂ 'ਚ ਸੁਰੱਖਿਆ ਬਲਾਂ ਦੇ ਮੈਂਬਰ ਵੀ ਸ਼ਾਮਲ ਸਨ।

ਪੜ੍ਹੋ ਇਹ ਅਹਿਮ ਖ਼ਬਰ-ਜੈਸ਼ੰਕਰ ਨੇ ਬਲਿੰਕਨ ਸਾਹਮਣੇ ਉਠਾਇਆ 'ਵੀਜ਼ਾ' ਦੇਰੀ ਦਾ ਮੁੱਦਾ, ਮਿਲਿਆ ਇਹ ਭਰੋਸਾ

ਔਰਤਾਂ ਦਾ ਇਹ ਪ੍ਰਦਰਸ਼ਨ ਈਰਾਨ ਦੇ ਪਿੰਡਾਂ ਤੱਕ ਵੀ ਪਹੁੰਚ ਗਿਆ ਹੈ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਦੇਸ਼ ਦੀ ਨੌਜਵਾਨ ਆਬਾਦੀ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਹੈ, ਇਸ ਲਈ ਕੱਟੜ ਰਈਸੀ ਸਰਕਾਰ ਦੀ ਹਾਲਤ ਖਰਾਬ ਹੈ। ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਸ਼ਾਸਨ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ। ਈਰਾਨੀ ਔਰਤਾਂ ਵਿਰੋਧ ਕਰਨ ਲਈ ਆਪਣੇ ਹਿਜਾਬ ਸਾੜ ਰਹੀਆਂ ਹਨ ਅਤੇ ਆਪਣੇ ਵਾਲ ਕੱਟ ਰਹੀਆਂ ਹਨ। ਉਹ ਹਿਜਾਬ ਐਕਟ ਦਾ ਵਿਰੋਧ ਕਰ ਰਹੀਆਂ ਹਨ। ਅਮਰੀਕਾ ਨੇ ਇਸ ਵਿਰੋਧ ਪ੍ਰਦਰਸ਼ਨ ਵਿਚ ਔਰਤਾਂ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਚੀਨ : ਰੈਸਟੋਰੈਂਟ 'ਚ ਲੱਗੀ ਅੱਗ, 17 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਜਾਣੋ ਮੇਲੇਕ ਮੋਸੋ ਬਾਰੇ

ਮੋਸੋ ਇੱਕ ਮਸ਼ਹੂਰ ਤੁਰਕੀ ਪੌਪ ਗਾਇਕਾ ਹੈ, ਜਿਸਦਾ ਜਨਮ 11 ਨਵੰਬਰ 1988 ਨੂੰ ਤੁਰਕੀ ਵਿੱਚ ਹੋਇਆ ਸੀ। ਉਹ ਇੱਕ ਪੌਪ-ਰਾਕ ਗਾਇਕਾ ਹੈ ਜਿਸਨੇ ਤੁਰਕੀ ਵਿੱਚ "ਕੇਕਲਿਕ ਗਿਬੀ" ਵਰਗੇ ਹਿੱਟ ਗੀਤ ਦਿੱਤੇ ਹਨ ਅਤੇ ਕਈ ਅੰਤਰਰਾਸ਼ਟਰੀ ਕਲਾਕਾਰਾਂ ਨਾਲ ਕੰਮ ਕੀਤਾ ਹੈ। ਉਸਨੂੰ ਤੁਰਕੀ ਦੀ ਇੱਕ ਵੱਡੀ ਸਟਾਰ ਮੰਨਿਆ ਜਾਂਦਾ ਹੈ ਅਤੇ ਉਸਨੇ ਸਟਾਰਡਮ ਹਾਸਲ ਕੀਤਾ ਹੈ। ਉਹ ਤੁਰਕੀ ਟੈਲੀਵਿਜ਼ਨ ਲੜੀ ਸੁਕੁਰ ਵਿੱਚ ਆਪਣੇ ਗੀਤ ਗਾਉਣ ਲਈ ਵੀ ਮਸ਼ਹੂਰ ਹੈ। ਉਸ ਨੇ ਆਪਣਾ ਪਹਿਲਾ ਗੀਤ ਸਿਰਫ 7 ਸਾਲ ਦੀ ਉਮਰ 'ਚ ਲਿਖਿਆ ਸੀ ਅਤੇ ਉਸ ਦੇ ਪ੍ਰੋਗਰਾਮ 'ਚ ਕਾਫੀ ਭੀੜ ਹੁੰਦੀ ਹੈ।
 


author

Vandana

Content Editor

Related News