ਸ਼ਰਨਾਰਥੀ ਬੱਚੇ ਦੀ ਮੌਤ ਦੇ ਮਾਮਲੇ ''ਚ 3 ਲੋਕਾਂ ਨੂੰ 125 ਸਾਲ ਦੀ ਸਜ਼ਾ
Monday, Mar 16, 2020 - 01:27 PM (IST)
ਅੰਕਾਰਾ (ਬਿਊਰੋ): ਤੁਰਕੀ ਦੀ ਇਕ ਅਦਾਲਤ ਨੇ 3 ਸਾਲ ਦੇ ਸੀਰੀਆਈ ਸ਼ਰਨਾਰਥੀ ਐਲਨ ਕੁਰਦੀ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਸੁਣਾਈ। ਇਸ ਮਾਮਲੇ ਵਿਚ 3 ਲੋਕਾਂ ਨੂੰ ਮਨੁੱਖੀ ਤਸਕਰੀ ਦੇ ਦੋਸ਼ ਵਿਚ 125-125 ਸਾਲ ਦੀ ਜੇਲ ਹੋਈ। ਤੁਰਕੀ ਫੌਜ ਨੇ ਇਹਨਾਂ ਤਿੰਨਾਂ ਨੂੰ ਇਸੇ ਹਫਤੇ ਗ੍ਰਿਫਤਾਰ ਕੀਤਾ ਸੀ। ਸਤੰਬਰ 2015 ਵਿਚ ਤੁਰਕੀ ਦੇ ਬੋਡਰਮ ਸਮੁੰਦਰ ਤੱਟ 'ਤੇ ਮਿਲੀ 3 ਸਾਲ ਦੇ ਐਲਨ ਕੁਰਦੀ ਦੀ ਲਾਸ਼ ਦੀ ਤਸਵੀਰ ਨੇ ਦੁਨੀਆ ਨੂੰ ਭਾਵੁਕ ਕਰ ਦਿੱਤਾ ਸੀ।
ਐਲਨ ਦੇ ਮਾਤਾ-ਪਿਤਾ ਬੱਚਿਆਂ ਦੇ ਨਾਲ ਸੀਰੀਆ ਦੇ ਗ੍ਰਹਿ ਯੁੱਧ ਤੋਂ ਜਾਨ ਬਚਾ ਕੇ ਦੂਜੇ ਦੇਸ਼ ਵਿਚ ਸ਼ਰਨ ਲੈਣ ਲਈ ਨਿਕਲੇ ਸਨ ਪਰ ਉਹਨਾਂ ਦੀ ਕਿਸ਼ਤੀ ਸਮੁੰਦਰ ਵਿਚ ਡੁੱਬ ਗਈ। ਹਾਦਸੇ ਵਿਚ ਮਾਂ ਅਤੇ ਬੇਟੇ ਦੀ ਮੌਤ ਹੋ ਗਈ ਸੀ। ਸਿਰਫ ਪਿਤਾ ਅਬਦੁੱਲਾ ਦੀ ਜਾਨ ਬਚ ਸਕੀ ਸੀ। ਬਾਅਦ ਵਿਚ ਬੋਰਡਮ ਦੇ ਤੱਟ 'ਤੇ ਹੀ ਐਲਨ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਪਰਿਵਾਰ ਆਪਣੇ ਰਿਸ਼ਤੇਦਾਰਾਂ ਕੋਲ ਸ਼ਰਨ ਲੈਣ ਲਈ ਯੂਰਪ ਦੇ ਰਸਤੇ ਕੈਨੇਡਾ ਜਾਣਾ ਚਾਹੁੰਦਾ ਸੀ।
ਐਲਨ ਦੇ ਪਿਤਾ ਅਬਦੁੱਲਾ ਇਰਾਕ ਦੇ ਇਰਬੀ ਸ਼ਹਿਰ ਵਿਚ ਰਹਿੰਦੇ ਹਨ। ਉਹਨਾਂ ਨੇ ਕਿਹਾ,''ਬੱਚੇ ਦੀ ਤਸਵੀਰ ਦੇਖ ਕੇ ਪੂਰੇ ਯੂਰਪ ਨੇ ਸ਼ਰਨਾਰਥੀਆਂ ਲਈ ਦਰਵਾਜ਼ੇ ਖੋਲ੍ਹੇ ਪਰ ਇਹ ਜ਼ਿਆਦਾ ਸਮੇਂ ਤੱਕ ਨਹੀਂ ਸਿਰਫ ਕੁਝ ਮਹੀਨਿਆਂ ਲਈ ਸੀ।'' ਯੂਨਾਈਟਿਡ ਕਿੰਗਡਮ ਦੇ ਮੁਤਾਬਕ,''2011 ਤੋਂ ਹੁਣ ਤੱਕ 67 ਲੱਖ ਸੀਰੀਆਈ ਨਾਗਰਿਕ ਯੁੱਧ ਦੇ ਕਾਰਨ ਆਪਣਾ ਘਰ ਛੱਡਣ ਲਈ ਮਜਬੂਰ ਹੋਏ ਹਨ।''
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਜਰਮਨੀ ਨੇ 5 ਦੇਸ਼ਾਂ ਲਈ ਸੀਮਾ ਕੀਤੀ ਸੀਲ, ਸਿਰਫ ਇਹਨਾਂ ਲੋਕਾਂ ਲਈ ਛੋਟ