ਤੁਰਕੀ ਅਤੇ ਸੀਰੀਆ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 15 ਹਜ਼ਾਰ ਤੋਂ ਪਾਰ
Thursday, Feb 09, 2023 - 10:55 AM (IST)
ਅੰਕਾਰਾ/ਦਮਿਸ਼ਕ (ਵਾਰਤਾ)- ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15,383 ਹੋ ਗਈ ਹੈ। ਇੱਥੇ ਕੰਮ ਕਰ ਰਹੀਆਂ ਬਚਾਅ ਟੀਮਾਂ ਅਤੇ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਤੁਰਕੀ ਦੀ ਸਮਾਚਾਰ ਏਜੰਸੀ ਅਨਾਦੋਲੂ ਨੇ ਵੀਰਵਾਰ ਨੂੰ ਡਿਜ਼ਾਸਟਰ ਐਂਡ ਐਮਰਜੈਂਸੀ ਮੈਨੇਜਮੈਂਟ ਅਥਾਰਟੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਭਿਆਨਕ ਭੂਚਾਲ ਕਾਰਨ ਤੁਰਕੀ ਵਿਚ ਮਰਨ ਵਾਲਿਆਂ ਦੀ ਗਿਣਤੀ 12,391 ਹੋ ਗਈ ਹੈ।
ਇਸੇ ਤਰ੍ਹਾਂ ਸੀਰੀਆ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਸੀਰੀਆ 'ਚ ਘੱਟੋ-ਘੱਟ 1,262 ਲੋਕ ਮਾਰੇ ਗਏ ਅਤੇ ਸਰਕਾਰ ਦੇ ਕਬਜ਼ੇ ਵਾਲੇ ਇਲਾਕਿਆਂ 'ਚ 2,285 ਲੋਕ ਜ਼ਖ਼ਮੀ ਹੋਏ ਹਨ। ਮੀਡੀਆ ਰਿਪੋਰਟਾਂ ਨੇ ਬਚਾਅ ਕਰਮਚਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੀਰੀਆ ਵਿਚ ਵਿਰੋਧੀ ਧਿਰ ਦੇ ਕਬਜ਼ੇ ਵਾਲੇ ਖੇਤਰ ਵਿਚ ਘੱਟੋ-ਘੱਟ 1,730 ਲੋਕ ਮਾਰੇ ਗਏ ਅਤੇ 2,850 ਤੋਂ ਵੱਧ ਜ਼ਖ਼ਮੀ ਹੋਏ।
ਇਹ ਵੀ ਪੜ੍ਹੋ: ਭਾਰਤ-ਪਾਕਿ ਦੇ ਬਿਹਤਰ ਸਬੰਧਾਂ ਨੂੰ ਲੈ ਕੇ ਇਮਰਾਨ ਖ਼ਾਨ ਨੇ PM ਮੋਦੀ ਅੱਗੇ ਰੱਖੀ 'ਬੇਤੁਕਾ' ਸ਼ਰਤ
ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 4:17 ਵਜੇ ਤੁਰਕੀ ਦੇ ਦੱਖਣੀ ਪ੍ਰਾਂਤ ਕਾਹਰਾਮਨਮਾਰਸ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ, ਇਸ ਤੋਂ ਕੁਝ ਮਿੰਟ ਬਾਅਦ ਦੇਸ਼ ਦੇ ਦੱਖਣੀ ਸੂਬੇ ਗਾਜ਼ੀਅਨਟੇਪ ਵਿੱਚ 6.4 ਤੀਬਰਤਾ ਦਾ ਭੂਚਾਲ ਆਇਆ ਅਤੇ ਦੁਪਹਿਰ 1:24 ਵਜੇ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੌਰਾਨ ਬੁੱਧਵਾਰ ਨੂੰ ਇੱਕ 82 ਮੈਂਬਰੀ ਚੀਨੀ ਬਚਾਅ ਦਲ ਇੱਕ ਚਾਰਟਰਡ ਏਅਰ ਚਾਈਨਾ ਜਹਾਜ਼ ਵਿੱਚ 8,000 ਕਿਲੋਮੀਟਰ ਤੋਂ ਵੱਧ ਦੀ ਉਡਾਣ ਭਰਨ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਤੜਕੇ 4:30 ਵਜੇ ਤੁਰਕੀ ਦੇ ਅਡਾਨਾ ਹਵਾਈ ਅੱਡੇ 'ਤੇ ਪਹੁੰਚਿਆ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਈ 20 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ