ਕੁਰਦ ਲੜਾਕਿਆਂ ਖਿਲਾਫ ਲੜਾਈ ਸ਼ੁਰੂ ਕਰਨ ਦੀ ਜ਼ਰੂਰਤ ਨਹੀਂ : ਤੁਰਕੀ
Wednesday, Oct 23, 2019 - 02:24 PM (IST)

ਇਸਤਾਂਬੁਲ— ਤੁਰਕੀ ਨੇ ਕਿਹਾ ਕਿ ਸੀਰੀਆ 'ਚ ਕੁਰਦ ਲੜਾਕਿਆਂ ਖਿਲਾਫ ਨਵੀਂ ਮੁਹਿੰਮ ਚਲਾਉਣ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਅਮਰੀਕਾ ਨੇ ਉਸ ਨੂੰ ਸੂਚਿਤ ਕੀਤਾ ਹੈ ਕਿ ਸਰਹੱਦੀ ਖੇਤਰਾਂ ਤੋਂ ਕੁਰਦ ਲੜਾਕਿਆਂ ਦੇ ਵਾਪਸ ਆਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਰਾਹੀਂ ਹੋਏ ਇਕ ਸਮਝੌਤੇ 'ਚ ਪ੍ਰਸਤਾਵਿਤ ਸੁਰੱਖਿਅਤ ਖੇਤਰ ਤੋਂ ਕੁਰਦ ਲੜਾਕਿਆਂ ਦੇ ਹਟਣ ਲਈ 120 ਘੰਟੇ ਦੀ ਸਮਾਂ ਮਿਆਦ ਤੈਅ ਕੀਤੀ ਗਈ ਸੀ। ਇਹ ਸਮਾਂ ਮਿਆਦ ਹੁਣ ਖਤਮ ਹੋ ਚੁੱਕੀ ਹੈ।
ਤੁਰਕੀ ਨੇ ਸੀਰੀਆ 'ਚ 9 ਅਕਤੂਬਰ ਤੋਂ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਉਹ ਇਸ ਸ਼ਰਤ 'ਤੇ ਹਮਲਾ ਰੋਕਣ ਲਈ ਰਾਜ਼ੀ ਹੋਇਆ ਕਿ ਸ਼ੁਰੂਆਤ 'ਚ ਸਰਹੱਦ ਤੋਂ 120 ਕਿਲੋ ਮੀਟਰ ਤਕ ਦੇ ਖੇਤਰ ਤੋਂ ਕੁਰਦ ਹਟ ਜਾਣਗੇ। ਇਸ ਬਾਰੇ 'ਚ ਤੁਰਕੀ ਅਤੇ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਵਿਚਕਾਰ ਬੀਤੇ ਵੀਰਵਾਰ ਨੂੰ ਇਕ ਸਮਝੌਤਾ ਹੋਇਆ ਸੀ। ਹਾਲਾਂਕਿ ਇਸ ਦੇ ਬਾਵਜੂਦ ਤੁਰਕੀ ਵਿਚੋਂ-ਵਿਚ ਹਮਲਾ ਸ਼ੁਰੂ ਕਰਨ ਦੀ ਧਮਕੀ ਲਗਾਤਾਰ ਦਿੰਦਾ ਰਿਹਾ। ਤੁਰਕੀ ਦੇ ਰੱਖਿਆ ਮੰਤਰੀ ਨੇ ਕਿਹਾ,''120 ਘੰਟੇ ਦੀ ਮਿਆਦ ਖਤਮ ਹੋਣ 'ਤੇ ਅਮਰੀਕਾ ਨੇ ਘੋਸ਼ਣਾ ਕੀਤੀ ਕਿ ਇਲਾਕੇ ਤੋਂ ਪੀ. ਕੇ. ਕੇ./ਵਾਈ. ਪੀ. ਜੀ. ਹਟ ਚੁੱਕੇ ਹਨ।''