ਤੁਰਕੀ-ਸੀਰੀਆ ਭੂਚਾਲ: 50 ਹਜ਼ਾਰ ਤੋਂ ਉਪਰ ਜਾ ਸਕਦੈ ਮੌਤਾਂ ਦਾ ਅੰਕੜਾ, ਤ੍ਰਾਸਦੀ ਦੌਰਾਨ ਵਧੀ ਲੁੱਟ-ਖੋਹ
Sunday, Feb 12, 2023 - 10:36 PM (IST)
ਇੰਟਰਨੈਸ਼ਨਲ ਡੈਸਕ : ਤੁਰਕੀ ਅਤੇ ਸੀਰੀਆ 'ਚ 5 ਦਿਨ ਪਹਿਲਾਂ ਆਏ ਜ਼ਬਰਦਸਤ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 29,000 ਨੂੰ ਪਾਰ ਕਰ ਗਈ ਹੈ ਅਤੇ ਹੋਰ ਬਚੇ ਲੋਕਾਂ ਨੂੰ ਲੱਭਣ ਦੀ ਵਧਦੀ ਉਮੀਦ ਦੇ ਵਿਚਾਲੇ ਬਚਾਅ ਕਾਰਜ ਜਾਰੀ ਹਨ। ਭੂਚਾਲ ਤੋਂ ਬਾਅਦ ਜਾਨ ਬਚਾਉਣ ਲਈ ਬਚਾਅ ਕਰਮਚਾਰੀ ਕੜਾਕੇ ਦੀ ਠੰਡ ਵਿੱਚ ਪਿਛਲੇ 5 ਦਿਨਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀ ਮਦਦ ਭੇਜਣ ਵਾਲੀ ਯੂਨਿਟ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਕਿਹਾ, "ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਗੁਣਾ ਯਾਨੀ 50,000 ਨੂੰ ਪਾਰ ਕਰ ਸਕਦੀ ਹੈ, ਜਿਵੇਂ-ਜਿਵੇਂ ਮਲਬਾ ਹਟਾਇਆ ਜਾਵੇਗਾ, ਲਾਸ਼ਾਂ ਬਰਾਮਦ ਕੀਤੀਆਂ ਜਾਣਗੀਆਂ। ਬਚਾਅ ਕਾਰਜ ਅੰਤਿਮ ਪੜਾਅ 'ਤੇ ਹਨ ਪਰ ਸਾਨੂੰ ਇਹ ਨਹੀਂ ਪਤਾ ਕਿ ਇਸ ਨੂੰ ਕਦੋਂ ਰੋਕਿਆ ਜਾਣਾ ਚਾਹੀਦਾ ਹੈ।"
ਇਹ ਵੀ ਪੜ੍ਹੋ : ਚੀਨ ਦਾ ਦੌਰਾ ਕਰਨਗੇ ਈਰਾਨ ਦੇ ਰਾਸ਼ਟਰਪਤੀ, ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਦੇਣਗੇ ਜ਼ੋਰ
ਬਚਾਅ ਮੁਹਿੰਮ ਦੌਰਾਨ ਸ਼ਨੀਵਾਰ ਨੂੰ 12 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਵਾਰ-ਵਾਰ ਬੇਹੋਸ਼ ਹੋ ਰਹੇ ਇਬਰਾਹਿਮ ਜ਼ਕਰੀਆ ਨਾਂ ਦਾ ਵਿਅਕਤੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਆਪਣੇ ਘਰ ਦੇ ਮਲਬੇ ਹੇਠਾਂ ਦੱਬਿਆ ਹੋਇਆ ਸੀ। ਸ਼ਨੀਵਾਰ ਦੇ ਭੂਚਾਲ ਤੋਂ ਬਾਅਦ ਬਚਾਏ ਗਏ ਲੋਕਾਂ ਵਿੱਚ ਅੰਤਾਕਿਆ 'ਚ ਇਕ 7 ਮਹੀਨੇ ਦਾ ਬੱਚਾ ਅਤੇ ਕਾਹਰਾਮਨਮਾਰਸ ਵਿੱਚ ਇਕ ਪਰਿਵਾਰ ਸ਼ਾਮਲ ਹੈ। ਟੈਲੀਵਿਜ਼ਨ ਨੈੱਟਵਰਕ ਹੈਬਰਟੁਰਕ ਨੇ ਦੱਸਿਆ ਕਿ ਸੀਰੀਆ ਦੀ ਸਰਹੱਦ ਨਾਲ ਲੱਗਦੇ ਗਾਜ਼ੀਅਨਟੇਪ ਸੂਬੇ ਦੇ ਨੂਰਦਾਗੀ ਸ਼ਹਿਰ ਵਿੱਚ 5 ਮੈਂਬਰਾਂ ਦੇ ਇਕ ਪਰਿਵਾਰ ਨੂੰ ਇਕ ਇਮਾਰਤ ਦੇ ਮਲਬੇ 'ਚੋਂ ਬਚਾਇਆ ਗਿਆ। ਇਸਲਾਹੀਏ ਕਸਬੇ ਵਿੱਚ ਇਕ ਵਿਅਕਤੀ ਅਤੇ ਉਸ ਦੀ 3 ਸਾਲ ਦੀ ਧੀ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ...ਤੇ ਹੁਣ ਕੈਨੇਡਾ ਦੇ ਆਸਮਾਨ 'ਚ ਦਿਸਿਆ 'Flying Object', ਟਰੂਡੋ ਨੇ ਟਵੀਟ ਕਰ ਕਹੀ ਇਹ ਗੱਲ
ਹਤਾਏ ਸੂਬੇ ਵਿੱਚ ਇਕ 7 ਸਾਲ ਦੀ ਬੱਚੀ ਨੂੰ ਬਚਾਇਆ ਗਿਆ। ਇਲਬਿਸਤਾਨ ਵਿੱਚ 20 ਸਾਲਾ ਮੇਲਿਸਾ ਉਲਕੂ ਅਤੇ ਇਕ ਹੋਰ ਵਿਅਕਤੀ ਨੂੰ 132 ਘੰਟਿਆਂ ਤੱਕ ਮਲਬੇ ਹੇਠ ਦੱਬੇ ਰਹਿਣ ਤੋਂ ਬਾਅਦ ਬਚਾ ਲਿਆ ਗਿਆ। ਤੁਰਕੀ ਦੇ ਟੀਵੀ ਸਟੇਸ਼ਨ ਐੱਨਟੀਵੀ ਨੇ ਦੱਸਿਆ ਕਿ ਹਤਾਏ ਸੂਬੇ ਦੇ ਇਸਕੇਂਡਰੁਨ ਵਿੱਚ 138 ਘੰਟਿਆਂ ਤੱਕ ਮਲਬੇ ਹੇਠ ਫਸੇ ਇਕ 44 ਸਾਲਾ ਵਿਅਕਤੀ ਨੂੰ ਬਾਹਰ ਕੱਢਿਆ ਗਿਆ। ਬਚਾਅ ਕਰਮਚਾਰੀਆਂ ਨੇ ਇਸ ਨੂੰ ਚਮਤਕਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੂੰ ਲੱਭਣ ਦੀ ਉਮੀਦ ਨਹੀਂ ਸੀ ਪਰ ਉਹ ਖੁਦਾਈ ਕਰਦੇ ਰਹੇ ਅਤੇ ਇਕ ਵਿਅਕਤੀ ਦੀਆਂ ਅੱਖਾਂ ਲੱਭੀਆਂ, ਜੋ ਆਪਣਾ ਨਾਂ ਦੱਸ ਰਿਹਾ ਸੀ। ਐੱਨਟੀਵੀ ਨੇ ਦੱਸਿਆ ਕਿ ਉਸੇ ਪ੍ਰਾਂਤ ਵਿੱਚ ਭੂਚਾਲ ਦੇ 140 ਘੰਟੇ ਬਾਅਦ ਅੰਤਾਕਿਆ ਵਿੱਚ ਇਕ ਬੱਚੇ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ 50 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਮਲਬੇ ਹੇਠੋਂ ਕੱਢੀ ਗਈ ਜ਼ੈਨੇਪ ਕਰਮਨ ਨਾਂ ਦੀ ਔਰਤ ਦੀ ਰਾਤ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਭੂਚਾਲ ਪ੍ਰਤੀ ਤੁਰਕੀ ਸਰਕਾਰ ਦੀ ਪ੍ਰਤੀਕਿਰਿਆ ਦੇ ਨਾਲ ਵਧ ਰਹੀ ਜਨਤਾ ਦੀ ਨਿਰਾਸ਼ਾ ਦੇ ਵਿਚਾਲੇ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ : ਤੁਰਕੀ-ਸੀਰੀਆ ਤੋਂ ਬਾਅਦ ਹੁਣ ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.0 ਰਹੀ ਤੀਬਰਤਾ
ਇਸ ਭੂਚਾਲ ਕਾਰਨ ਇਕੱਲੇ ਤੁਰਕੀ ਵਿੱਚ 24,617 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 80,000 ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਤੁਰਕੀ ਦੇ 8 ਸੂਬਿਆਂ ਤੋਂ ਲੁੱਟ-ਖੋਹ ਦੇ ਦੋਸ਼ ਹੇਠ 98 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ 42 ਲੋਕ ਹਤਾਏ ਸੂਬੇ ਦੇ ਹਨ। ਇਸ ਦੇ ਨਾਲ ਹੀ ਤੁਰਕੀ ਵਿੱਚ 62 ਬਿਲਡਿੰਗ ਠੇਕੇਦਾਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਅਡਾਨਾ ਸ਼ਹਿਰ 'ਚ ਭੂਚਾਲ ਕਾਰਨ ਢਹਿ-ਢੇਰੀ ਹੋਈਆਂ ਇਮਾਰਤਾਂ ਨੂੰ ਦੇਖਦਿਆਂ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ ਸੀਰੀਆ 'ਚ ਸਮੇਂ ਸਿਰ ਮਦਦ ਨਹੀਂ ਪਹੁੰਚ ਪਾ ਰਹੀ। ਇਸ ਕਾਰਨ ਭੂਚਾਲ ਤੋਂ ਬਾਅਦ ਸੜਕਾਂ 'ਤੇ ਮਲਬਾ ਜਮ੍ਹਾ ਹੋ ਗਿਆ ਹੈ।
ਹਰੇਮ ਸ਼ਹਿਰ ਵਿੱਚ ਇਕ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਮਲਬੇ ਹੇਠ ਦੱਬੀ ਹੋਈ ਹੈ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਅਬੂ ਅਲੀ ਨੇ ਕਿਹਾ, "ਮੇਰੀ ਬੇਟੀ ਭੂਚਾਲ ਦੇ ਇਕ ਦਿਨ ਬਾਅਦ ਵੀ ਜ਼ਿੰਦਾ ਸੀ। ਮਲਬੇ ਹੇਠ ਦੱਬੇ ਹੋਣ ਦੇ 24 ਘੰਟੇ ਬਾਅਦ ਵੀ ਉਸ ਤੱਕ ਮਦਦ ਨਹੀਂ ਪਹੁੰਚੀ। ਸਾਡੇ ਕੋਲ ਮਲਬਾ ਹਟਾਉਣ ਲਈ ਕੋਈ ਮਸ਼ੀਨ ਨਹੀਂ ਸੀ। ਅਸੀਂ ਮਦਦ ਦੀ ਉਡੀਕ ਕੀਤੀ। ਬਹੁਤ ਸਮਾਂ ਬੀਤ ਗਿਆ। ਮੈਂ ਆਪ ਹੀ ਉਸ ਦੀ ਲਾਸ਼ ਨੂੰ ਆਪਣੇ ਹੱਥਾਂ ਨਾਲ ਬਾਹਰ ਕੱਢਿਆ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।