ਤੁਰਕੀ ਨੇ ਇਸਲਾਮਿਕ ਸਮੂਹ ਦੇ 70 ਸ਼ੱਕੀ ਮੈਂਬਰ ਕੀਤੇ ਗ੍ਰਿਫਤਾਰ
Monday, Dec 30, 2019 - 04:51 PM (IST)

ਇਸਤਾਂਬੁਲ (ਬਿਊਰੋ): ਤੁਰਕੀ ਨੇ ਸੋਮਵਾਰ ਨੂੰ ਦੇਸ਼ ਭਰ ਵਿਚ ਇਸਲਾਮਿਕ ਸਟੇਟ (IS) ਸਮੂਹ ਦੇ 70 ਸ਼ੱਕੀ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਸਮਾਚਾਰ ਏਜੰਸੀ ਅਨਾਦੋਲੁ ਦੇ ਮੁਤਾਬਕ ਅੰਕਾਰਾ ਸੂਬੇ ਵਿਚ ਕੁੱਲ 33 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਾਰੇ ਮੈਂਬਰ ਇਰਾਕੀ ਹਨ। ਸਮੂਹ ਦੇ ਹੋਰ ਮੈਂਬਰਾਂ ਨੂੰ ਬੈਟਮੈਨ, ਕਾਸੇਰੀ ਅਤੇ ਅਦਾਨਾ ਸੂਬੇ ਤੋਂ ਗ੍ਰਿਫਤਾਰ ਕੀਤਾ ਗਿਆ।
ਸੋਮਵਾਰ ਨੂੰ ਤੁਰਕੀ ਨੇ ਆਈ.ਐੱਸ. ਅੱਤਵਾਦੀਆਂ ਦੇ ਵਿਰੁੱਧ ਵੱਡੀ ਮੁਹਿੰਮ ਚਲਾਈ। ਇਸਤਾਂਬੁਲ ਦੇ ਇਸ ਕਦਮ ਦਾ ਉਦੇਸ਼ ਆਈ.ਐੱਸ. ਨੂੰ ਉਹਨਾਂ ਦੇ ਮੂਲ ਦੇਸ਼ ਵਿਚ ਵਾਪਸ ਭੇਜਣਾ ਹੈ। ਅਸਲ ਵਿਚ ਤੁਰਕੀ ਨੇ 2015 ਅਤੇ 2016 ਵਿਚ ਆਈ. ਐੱਸ. ਦੇ ਹਮਲਿਆਂ ਦਾ ਸਾਹਮਣਾ ਕੀਤਾ ਸੀ। ਇਹਨਾਂ ਹਮਲਿਆਂ ਵਿਚ ਕਰੀਬ 300 ਲੋਕ ਮਾਰੇ ਗਏ ਸਨ।ਇਸਲਾਮਿਕ ਸਮੂਹ ਵੱਲੋਂ ਇਸਤਾਂਬੁਲ ਦੇ ਇਕ ਨਾਈਟ ਕਲੱਬ ਵਿਚ 2017 ਦੇ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹੋਏ ਇਕ ਵੱਡੇ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਹਮਲੇ ਵਿਚ 39 ਲੋਕ ਮਾਰੇ ਗਏ ਸਨ।
ਇੱਥੇ ਦੱਸ ਦਈਏ ਕਿ ਸੈਂਕੜੇ ਦੀ ਗਿਣਤੀ ਵਿਚ ਵਿਦੇਸ਼ੀ ਲੜਾਕੇ ਇੱਥੋਂ ਦੀਆਂ ਜੇਲਾਂ ਵਿਚ ਬੰਦ ਹਨ। ਤੁਰਕੀ ਸਰਕਾਰ ਨੇ ਇਹ ਸੰਕੇਤ ਦਿੱਤੇ ਸਨ ਕਿ ਉਹ ਇਹਨਾਂ ਲੜਾਕਿਆਂ ਨੂੰ ਵਾਪਸ ਭੇਜੇਗੀ ਭਾਵੇਂ ਉਹਨਾਂ ਦੇ ਦੇਸ਼ਾਂ ਵਿਚ ਉਹਨਾਂ ਦੀ ਨਾਗਰਿਕਤਾ ਰੱਦ ਹੀ ਕਿਉਂ ਨਾ ਕਰ ਦਿੱਤੀ ਗਈ ਹੋਵੇ।