ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਬਾਈਡੇਨ ਦੀ ਹਿਟਲਰ ਨਾਲ ਕੀਤੀ ਤੁਲਨਾ
Wednesday, Oct 19, 2022 - 02:48 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਸੰਸਦ ਦੀ ਸਾਬਕਾ ਮੈਂਬਰ ਅਤੇ 2020 ਵਿੱਚ ਵ੍ਹਾਈਟ ਹਾਊਸ ਲਈ ਚੋਣ ਲੜਨ ਵਾਲੀ ਪਹਿਲੀ ਹਿੰਦੂ ਅਮਰੀਕੀ ਨੇਤਾ ਤੁਲਸੀ ਗਬਾਰਡ ਨੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਤੋਂ ਬਾਹਰ ਹੋਣ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਤੁਲਨਾ ਅਡੋਲਫ ਹਿਟਲਰ ਨਾਲ ਕੀਤੀ ਹੈ। ਪਿਛਲੇ ਸਾਲ ਪ੍ਰਤੀਨਿਧੀ ਸਭਾ ਤੋਂ ਸੇਵਾਮੁਕਤ ਹੋਏ 41 ਸਾਲਾ ਗਬਾਰਡ ਨੇ 8 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਲਈ ਪ੍ਰਚਾਰ ਕਰਦਿਆਂ ਇਹ ਟਿੱਪਣੀ ਕੀਤੀ।
'ਦਿ ਡੇਲੀ ਬੀਸਟ' ਅਖ਼ਬਾਰ ਅਨੁਸਾਰ ਐਤਵਾਰ ਨੂੰ ਮਾਨਚੈਸਟਰ ਦੇ ਬਾਹਰ ਇੱਕ ਸ਼ਹਿਰ ਵਿੱਚ ਬੋਲਡਕ ਟਾਊਨ ਹਾਲ ਪ੍ਰੋਗਰਾਮ ਵਿੱਚ ਬੋਲਦਿਆਂ, ਹਵਾਈ ਦੀ ਸਾਬਕਾ ਕਾਂਗਰਸ ਮੈਂਬਰ ਕਿਹਾ ਕਿ ਉਨ੍ਹਾਂ ਨੂੰ ਬਾਈਡੇਨ ਅਤੇ ਹਿਟਲਰ ਦੀ ਮਾਨਸਿਕਤਾ ਇੱਕੋ ਜਿਹੀ ਨਜ਼ਰ ਆਉਂਦੀ ਹੈ। ਪਿਛਲੇ ਹਫ਼ਤੇ, ਗਬਾਰਡ ਨੇ ਐਲਾਨ ਕੀਤਾ ਸੀ ਕਿ ਉਹ ਡੈਮੋਕਰੇਟਿਕ ਪਾਰਟੀ ਛੱਡ ਰਹੀ ਹੈ। ਗਬਾਰਡ 2013 ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਲਈ ਹਵਾਈ ਤੋਂ ਚੁਣੀ ਜਾਣ ਵਾਲੀ ਪਹਿਲੀ ਹਿੰਦੂ ਸੀ ਅਤੇ ਬਾਅਦ ਵਿਚ ਉਹ ਲਗਾਤਾਰ 4 ਵਾਰ ਚੁਣੀ ਗਈ।