ਸਰਕਾਰ ਅਤੇ ਪਾਕਿ ਫੌਜ ਵਿਚਾਲੇ ਵਧਿਆ ਵਿਸ਼ਵਾਸ ਦਾ ਪਾੜਾ, ਖਤਰੇ ’ਚ ਇਮਰਾਨ ਦੀ ਕੁਰਸੀ : ਰਿਪੋਰਟ
Tuesday, Nov 02, 2021 - 12:32 PM (IST)
ਇਸਲਾਮਾਬਾਦ- ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਨਵੇਂ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਪਾਕਿਸਤਾਨ ਦੀ ਰਾਜਨੀਤੀ ਇਸ ਸਮੇਂ ਬਹੁਤ ਹੀ ਮਹੱਤਵਪੂਰਣ ਮੋੜ ’ਤੇ ਹੈ, ਕਿਉਂਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਫੌਜ ਦਰਮਿਆਨ ਵਿਸ਼ਵਾਸ ਦਾ ਪਾੜਾ ਵਧਦਾ ਜਾ ਰਿਹਾ ਹੈ। ਇਟਾਲੀਅਨ ਰਾਜਨੀਤਕ ਸਲਾਹਕਾਰ, ਲੇਖਕ ਅਤੇ ਭੂ-ਰਾਜਨੀਤਕ ਮਾਹਰ ਸਰਜਿਓ ਰੇਸਟੇਲੀ ਨੇ ਦਿ ਟਾਈਮਸ ਆਫ ਇਸਰਾਈਲ ’ਚ ਲਿਖਿਆ ਹੈ ਕਿ ਖੁਫੀਆ ਏਜੰਸੀ ਦੇ ਆਈ. ਐੱਸ. ਆਈ. ਮੁਖੀ ਦੀ ਨਿਯੁਕਤੀ ’ਤੇ ਰੇੜਕੇ ਨੇ ਆਖ਼ਿਰਕਾਰ ਇਮਰਾਨ ਖਾਨ ਅਤੇ ਫੌਜ ਦਰਮਿਆਨ ਸਬੰਧਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ।
ਪਾਕਿਸਤਾਨ ’ਚ ਕਈ ਦਿਨਾਂ ਤੱਕ ਰਾਜਨੀਤਕ ਖਿੱਚੋਤਾਣ ਤੋਂ ਬਾਅਦ ਫੌਜ ਮੁਖੀ ਬਾਜਵਾ ਨੇ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਨੂੰ ਦੇਸ਼ ਦੀ ਇੰਟਰ-ਸਰਵਿਸਿਜ ਇੰਟੈਲੀਜੈਂਸ (ਆਈ. ਐੱਸ. ਆਈ.) ਦਾ ਡਾਇਰੈਕਟਰ ਜਨਰਲ ਨਿਯੁਕਤ ਕਰ ਦਿੱਤਾ। ਸਰਜਿਓ ਰੇਸਟੇਲੀ ਦੀ ਰਿਪੋਰਟ ਅਨੁਸਾਰ ਨਵੇਂ ਆਈ. ਐੱਸ. ਆਈ. ਮੁਖੀ ਦੀ ਨਿਯੁਕਤੀ ਨੂੰ ਲੈ ਕੇ ਪਾਕਿਸਤਾਨ ’ਚ ਪਿਛਲੇ ਕੁਝ ਦਿਨਾਂ ਤੋ ਅਨਿਸ਼ਚਿਤਤਾ ਵੇਖੀ ਜਾ ਰਹੀ ਹੈ। ਦੇਸ਼ ਦੇ ਆਮ ਨਾਗਰਿਕ ਵੀ ਸਮਝ ਰਹੇ ਹਨ ਕਿ ਸਰਕਾਰ ਅਤੇ ਫੌਜ ਦਰਮਿਆਨ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਫੌਜ ਦੇ ਮਾਮਲਿਆਂ ’ਚ ਸਿਵਲ ਦਖਲਅੰਦਾਜ਼ੀ, ਫੌਜ ਦਾ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਪਹਿਲਾਂ ਵੀ ਦੇਸ਼ ਦੇ ਹਾਲਾਤ ਵਿਗਾੜਣ ’ਚ ਜ਼ਿੰਮੇਵਾਰ ਰਹੇ ਹਨ।