''ਜੇ ਹੁਣ ਹਮਲਾ ਕੀਤਾ ਤਾਂ ਕੋਈ ਨਹੀਂ ਦੇਵੇਗਾ ਤੁਹਾਡਾ ਸਾਥ..!'' ਟਰੰਪ ਨੇ ਨੇਤਨਯਾਹੂ ਨੂੰ ਦੇ''ਤੇ ਚਿਤਾਵਨੀ
Tuesday, Jun 09, 2026 - 12:01 PM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ-ਇਰਾਨ ਵੱਲੋਂ ਇਕ-ਦੂਜੇ 'ਤੇ ਕੀਤੇ ਗਏ ਹਵਾਈ ਹਮਲਿਆਂ ਮਗਰੋਂ ਮਿਡਲ ਈਸਟ 'ਚ ਤਣਾਅ ਇਕ ਵਾਰ ਫ਼ਿਰ ਤੋਂ ਸਿਖ਼ਰਾਂ 'ਤੇ ਪਹੁੰਚ ਗਿਆ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਇਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ਨੂੰ ਲੈ ਕੇ ਮਤਭੇਦ ਡੂੰਘੇ ਹੁੰਦੇ ਜਾ ਰਹੇ ਹਨ। ਟਰੰਪ ਨੇ ਨੇਤਨਯਾਹੂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇ ਇਜ਼ਰਾਈਲ ਨੇ ਇਰਾਨ 'ਤੇ ਦੁਬਾਰਾ ਹਮਲਾ ਕੀਤਾ, ਤਾਂ ਉਹ ਬਿਲਕੁਲ 'ਇਕੱਲਾ' ਪੈ ਜਾਵੇਗਾ।
ਇਕ ਇੰਟਰਵਿਊ ਦੌਰਾਨ ਟਰੰਪ ਨੇ ਨੇਤਨਯਾਹੂ ਨਾਲ ਹੋਈ ਗੱਲਬਾਤ ਦਾ ਖੁਲਾਸਾ ਕੀਤਾ। ਟਰੰਪ ਨੇ ਕਿਹਾ, "ਮੈਂ ਬੀਬੀ (ਨੇਤਨਯਾਹੂ) ਨੂੰ ਸਾਫ਼ ਕਿਹਾ ਹੈ, 'ਤੁਹਾਨੂੰ ਹੁਣ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਬਹੁਤ ਜਲਦੀ ਤੁਸੀਂ ਬਿਲਕੁਲ ਇਕੱਲੇ ਰਹਿ ਜਾਓਗੇ ਤੇ ਕੋਈ ਤੁਹਾਡਾ ਸਾਥ ਨਹੀਂ ਦੇਵੇਗਾ'।" ਟਰੰਪ ਨੂੰ ਡਰ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਧੀ, ਤਾਂ ਅਮਰੀਕਾ ਵੀ ਇਸ ਖੇਤਰੀ ਜੰਗ ਵਿੱਚ ਘਸੀਟਿਆ ਜਾਵੇਗਾ ਅਤੇ ਇਰਾਨ ਨਾਲ ਹੋਣ ਵਾਲਾ ਸ਼ਾਂਤੀ ਸਮਝੌਤਾ ਟੁੱਟ ਜਾਵੇਗਾ।
ਜ਼ਿਕਰਯੋਗ ਹੈ ਕਿ ਕਾਫ਼ੀ ਦਿਨਾਂ ਦੀ ਲੰਬੀ ਸ਼ਾਂਤੀ ਮਗਰੋਂ ਇਜ਼ਰਾਈਲ ਨੇ ਲਿਬਨਾਨ ਦੇ ਬੈਰੂਤ 'ਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ 'ਤੇ ਏਅਰਸਟ੍ਰਾਈਕ ਕੀਤੀ ਸੀ, ਜਿਸ ਮਗਰੋਂ ਇਰਾਨ ਨੇ ਲਿਬਨਾਨ ਦੇ ਸਮਰਥਨ 'ਚ ਇਜ਼ਰਾਈਲ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ। ਟਰੰਪ ਦੀਆਂ ਚਿਤਾਵਨੀਆਂ ਦੇ ਬਾਵਜੂਦ, ਨੇਤਨਯਾਹੂ ਨੇ ਵ੍ਹਾਈਟ ਹਾਊਸ ਨੂੰ ਜਾਣਕਾਰੀ ਦੇ ਕੇ ਇਰਾਨ ਦੇ ਅੰਦਰੂਨੀ ਟਿਕਾਣਿਆਂ 'ਤੇ ਹਮਲੇ ਕੀਤੇ, ਜਿਸ ਤੋਂ ਬਾਅਦ ਇਰਾਨ ਨੇ ਇਜ਼ਰਾਈਲ 'ਤੇ ਮੁੜ ਮਿਜ਼ਾਈਲਾਂ ਦਾਗ ਦਿੱਤੀਆਂ।
ਇਹ ਵੀ ਪੜ੍ਹੋ- ਟੀਚਰਾਂ ਲਈ LockDown ! ਹੁਣ ਨਹੀਂ ਹੋਵੇਗਾ ਪੇਪਰ 'ਲੀਕ', NEET-UG ਪ੍ਰੀਖਿਆ ਬਾਰੇ ਵੱਡੀ ਖ਼ਬਰ
ਹਾਲਾਂਕਿ ਅਮਰੀਕੀ ਫ਼ੌਜ ਨੇ ਇਜ਼ਰਾਈਲ ਦੇ ਇਨ੍ਹਾਂ ਹਮਲਿਆਂ 'ਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਪਰ ਅਮਰੀਕੀ ਰੱਖਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਫ਼ੌਜੀ ਅਧਿਕਾਰੀਆਂ ਨੇ ਇਰਾਨ ਵੱਲੋਂ ਆਉਣ ਵਾਲੀਆਂ ਮਿਜ਼ਾਈਲਾਂ ਨੂੰ ਟਰੈਕ ਕਰ ਕੇ ਇੰਟਰਸੈਪਟ ਕਰਨ 'ਚ ਇਜ਼ਰਾਈਲ ਦੀ ਪੂਰੀ ਮਦਦ ਕੀਤੀ।
ਇਨ੍ਹਾਂ ਹਮਲਿਆਂ ਮਗਰੋਂ ਮਿਡਲ ਈਸਟ 'ਚ ਹਾਲਾਤ ਵਿਗੜਦੇ ਦੇਖ ਟਰੰਪ ਨੇ ਨੇਤਨਯਾਹੂ ਨੂੰ ਦੁਬਾਰਾ ਫ਼ੋਨ ਕੀਤਾ ਅਤੇ ਤੁਰੰਤ ਹਮਲੇ ਰੋਕਣ ਦਾ ਦਬਾਅ ਪਾਇਆ। ਇਜ਼ਰਾਈਲੀ ਅਧਿਕਾਰੀਆਂ ਮੁਤਾਬਕ ਨੇਤਨਯਾਹੂ ਫਿਲਹਾਲ ਅਗਲੀ ਕਾਰਵਾਈ ਰੋਕਣ ਲਈ ਸਹਿਮਤ ਹੋ ਗਏ ਹਨ, ਬਸ਼ਰਤੇ ਇਰਾਨ ਹੁਣ ਕੋਈ ਹੋਰ ਹਮਲਾ ਨਾ ਕਰੇ। ਇਸੇ ਵਿਚਾਲੇ ਇਰਾਨ ਨੇ ਵੀ ਇਜ਼ਰਾਈਲ 'ਤੇ ਕੋਈ ਹਮਲਾ ਨਾ ਕਰਨ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ, ਨੇਤਨਯਾਹੂ ਨੇ ਦੱਸਿਆ ਕਿ ਇਜ਼ਰਾਈਲ ਨੇ ਇੱਕ ਸਾਲ ਦੀ ਫ਼ੌਜੀ ਮੁਹਿੰਮ ਦੌਰਾਨ ਹਿਜ਼ਬੁੱਲ੍ਹਾ ਅਤੇ ਇਰਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਿਜ਼ਬੁੱਲ੍ਹਾ ਦੇ ਮੁਖੀ ਹਸਨ ਨਸਰੱਲ੍ਹਾ ਨੂੰ ਖ਼ਤਮ ਕਰ ਕੇ ਅਤੇ ਉਨ੍ਹਾਂ ਦੇ ਟਨਲ ਨੈੱਟਵਰਕ ਨੂੰ ਤਬਾਹ ਕਰ ਕੇ ਉੱਤਰੀ ਇਜ਼ਰਾਈਲ 'ਤੇ ਹੋਣ ਵਾਲੇ ਵੱਡੇ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਟਰੰਪ ਨੂੰ ਸਪੱਸ਼ਟ ਕੀਤਾ ਕਿ ਇਜ਼ਰਾਈਲ ਆਪਣੀ ਸੁਰੱਖਿਆ ਲਈ ਹਮੇਸ਼ਾ ਪ੍ਰਤੀਬੱਧ ਹੈ ਅਤੇ ਇਰਾਨ ਨੂੰ ਕਦੇ ਵੀ ਪਰਮਾਣੂ ਬੰਬ ਨਹੀਂ ਬਣਾਉਣ ਦੇਵੇਗਾ।
ਇਹ ਵੀ ਪੜ੍ਹੋ- ''ਜਿੰਨੀ ਛੇਤੀ ਹੋ ਸਕੇ ਛੱਡ ਦਿਓ ਦੇਸ਼..!'' ਜੰਗ ਦੇ ਖ਼ਤਰੇ ਵਿਚਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਹੋਈ ਐਡਵਾਈਜ਼ਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
