ਟਰੰਪ ਨਿਭਾ ਚੁੱਕੇ ਹਨ ਇਸ ਸੁਪਰਹਿੱਟ ਫਿਲਮ ''ਚ ਕਿਰਦਾਰ, ਕ੍ਰਿਸਮਸ ਮੌਕੇ ਕੀਤਾ ਯਾਦ
Wednesday, Dec 25, 2019 - 03:07 PM (IST)

ਪਾਮ ਬੀਚ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਹੁਦਾ ਸੰਭਾਲਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਸਾਲ 1992 ਵਿਚ ਕ੍ਰਿਸਮਸ ਮੌਕੇ 'ਤੇ ਆਈ ਫਿਲਮ 'ਹੋਮ ਅਲੋਨ-2' ਵਿਚ ਨਿਭਾਈ ਆਪਣੀ ਭੂਮਿਕਾ ਨੂੰ ਯਾਦ ਕਰਦੇ ਹੋਏ ਇਸ ਨੂੰ ਸਨਮਾਨ ਦੀ ਗੱਲ ਦੱਸਿਆ। ਉਹਨਾਂ ਨੇ ਇਸ ਫਿਲਮ ਵਿਚ ਗੈਸਟ ਭੂਮਿਕਾ ਨਿਭਾਈ ਸੀ।
ਟਰੰਪ ਨੇ ਮੰਗਲਵਾਰ ਨੂੰ ਫੌਜ ਕਰਮਚਾਰੀਆਂ ਨਾਲ ਗੱਲ ਕੀਤੀ ਤੇ ਉਹਨਾਂ ਵਿਚੋਂ ਇਕ ਨੇ ਕ੍ਰਿਸਮਸ 'ਤੇ ਆਈ ਇਸ ਫਿਲਮ ਵਿਚ ਉਹਨਾਂ ਦੀ ਭੂਮਿਕਾ ਦੇ ਬਾਰੇ ਵਿਚ ਉਹਨਾਂ ਨੂੰ ਸਵਾਲ ਕੀਤਾ। ਇਸ 'ਤੇ ਟਰੰਪ ਨੇ ਕਿਹਾ ਕਿ ਮੈਂ ਉਸ ਵੇਲੇ ਥੋੜਾ ਜਵਾਨ ਸੀ। ਜ਼ਾਹਿਰ ਹੈ ਕਿ ਇਹ ਫਿਲਮ ਬਹੁਤ ਹਿੱਟ ਹੋਈ ਸੀ। ਇਹ ਕ੍ਰਿਸਮਸ 'ਤੇ ਵੱਡੀਆਂ ਹਿੱਟ ਫਿਲਮਾਂ ਵਿਚੋਂ ਇਕ ਹੈ। ਟਰੰਪ ਨੇ ਉਸ ਸਮੇਂ ਨਿਊਯਾਰਕ ਦਾ ਪਲਾਜ਼ਾ ਹੋਟਲ ਖਰੀਦਿਆ ਸੀ, ਜਿਥੇ 1992 ਵਿਚ ਆਈ ਇਸ ਫਿਲਮ ਦੇ ਕਈ ਦ੍ਰਿਸ਼ ਫਿਲਮਾਏ ਗਏ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਵਿਚ ਸ਼ਾਮਲ ਹੋਣਾ ਸਨਮਾਨ ਦੀ ਗੱਲ ਹੈ। ਇਸ ਫਿਲਮ ਵਿਚ ਛੋਟਾ ਬੱਚਾ ਕੈਵਿਨ ਆਪਣੇ ਮਾਤਾ-ਪਿਤਾ ਤੋਂ ਵੱਖ ਹੋ ਜਾਂਦਾ ਹੈ ਤੇ ਉਹ ਇਕ ਸ਼ਾਨਦਾਰ ਹੋਟਲ ਵਿਚ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਉਹ ਕਾਲੇ ਰੰਗ ਦਾ ਓਵਰਕੋਟ ਤੇ ਲਾਲ ਰੰਗ ਦੀ ਟਾਈ ਪਹਿਨੇ ਹੋਏ ਇਕ ਵਿਅਕਤੀ ਨੂੰ ਰੋਕਦਾ ਹੈ ਤੇ ਉਸ ਤੋਂ ਲਾਬੀ ਦੀ ਦਿਸ਼ਾ ਬਾਰੇ ਪੁੱਛਦਾ ਹੈ। ਟਰੰਪ ਨੇ ਇਸੇ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ।