ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਸਬੰਧੀ ਆਏ ਫੈਸਲੇ ਨਾਲ ਟਰੰਪ ਨੂੰ ਝਟਕਾ

Wednesday, Dec 11, 2019 - 12:41 PM (IST)

ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਸਬੰਧੀ ਆਏ ਫੈਸਲੇ ਨਾਲ ਟਰੰਪ ਨੂੰ ਝਟਕਾ

ਵਾਸ਼ਿੰਗਟਨ— ਅਮਰੀਕਾ ਦੇ ਟੈਕਸਾਸ ਦੀ ਇਕ ਅਦਾਲਤ ਨੇ ਮੈਕਸੀਕੋ ਨਾਲ ਲੱਗਣ ਵਾਲੀ 275 ਕਿਲੋਮੀਟਰ ਲੰਬੀ ਸਰਹੱਦ 'ਤੇ ਕੰਧ ਬਣਾਉਣ ਲਈ ਸੁਰੱਖਿਆ ਬਜਟ ਦੀ ਵਰਤੋਂ ਕਰਨ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਖਿਲਾਫ ਫੈਸਲਾ ਸੁਣਾਇਆ ਹੈ। ਪੱਛਮੀ ਟੈਕਸਾਸ ਜ਼ਿਲਾ ਅਦਾਲਤ ਦੇ ਸੰਘੀ ਜੱਜ ਡੇਵਿਡ ਬ੍ਰਿਏਨੇਸ ਨੇ ਇਸ ਮਾਮਲੇ 'ਤੇ ਮੰਗਲਵਾਰ ਨੂੰ ਦਿੱਤੇ ਫੈਸਲੇ 'ਚ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦਾ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਲਈ ਸੰਸਦ ਵਲੋਂ ਜਾਰੀ ਧਨ ਨੂੰ ਵਰਤਣ ਦਾ ਫੈਸਲਾ ਗਲਤ ਹੈ।

 

PunjabKesari

ਟਰੰਪ ਪ੍ਰਸ਼ਾਸਨ ਫੌਜੀ ਫੰਡ ਨਾਲ 3.6 ਖਰਬ ਡਾਲਰ ਦੀ ਲਾਗਤ ਨਾਲ ਮੈਕਸੀਕੋ ਸਰਹੱਦ 'ਤੇ ਤਕਰੀਬਨ 275 ਕਿਲੋਮੀਟਰ ਲੰਬੀ ਕੰਧ ਬਣਾਉਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਸਤੰਬਰ 'ਚ ਰੱਖਿਆ ਮੰਤਰੀ ਮਾਰਕ ਐਸਪਰ ਨੇ ਕੰਧ ਦਾ ਫੰਡ ਜੁਟਾਉਣ ਲਈ ਸੰਸਦ ਮੈਂਬਰਾਂ ਨੂੰ ਕੁਝ ਫੌਜੀ ਫੈਸਲੇ ਤੇ ਯੋਜਨਾਵਾਂ ਨੂੰ ਰੱਦ ਕਰਨ ਲਈ ਵੀ ਕਿਹਾ ਸੀ। ਜ਼ਿਕਰਯੋਗ ਹੈ ਕਿ ਟਰੰਪ ਨੇ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਦੌਰਾਨ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਕੰਧ ਬਣਨ ਨਾਲ ਗੈਰ ਕਾਨੂੰਨੀ ਇਮੀਗ੍ਰੇਸ਼ਨ 'ਤੇ ਲਗਾਮ ਲਗਾਈ ਜਾ ਸਕੇਗੀ। ਇਸ ਨਾਲ ਮਨੁੱਖੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਵੀ ਰੋਕ ਲਗਾਉਣ 'ਚ ਮਦਦ ਮਿਲੇਗੀ। ਅਮਰੀਕੀ ਰਾਸ਼ਟਰਪਤੀ ਦੀ ਇਹ ਮਹੱਤਵਪੂਰਣ ਯੋਜਨਾ ਫਿਲਹਾਲ ਲਟਕ ਗਈ ਹੈ। ਇਸ ਤੋਂ ਪਹਿਲਾਂ ਅਮਰੀਕੀ ਸੰਸਦ ਮੈਂਬਰਾਂ ਨੇ ਸਰਹੱਦ 'ਤੇ ਕੰਧ ਬਣਾਉਣ ਵਾਲੀ ਕਈ ਖਰਬ ਡਾਲਰਾਂ ਦੀ ਯੋਜਨਾ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਦ ਤੋਂ ਟਰੰਪ ਫੰਡ ਇਕੱਠਾ ਕਰਨ ਲਈ ਸੰਘਰਸ਼ ਕਰ ਰਹੇ ਹਨ।


Related News