ਟਰੰਪ ਨੇ ਸਰਕਾਰ ਨੂੰ ਈਰਾਨ ''ਤੇ ਹੋਰ ਪਾਬੰਦੀਆਂ ਲਾਉਣ ਦੇ ਦਿੱਤੇ ਆਦੇਸ਼
Wednesday, Sep 18, 2019 - 09:07 PM (IST)
 
            
            ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹਮਲੇ ਤੋਂ ਬਾਅਦ ਆਪਣੀ ਸਰਕਾਰ ਨੂੰ ਈਰਾਨ 'ਤੇ ਹੋਰ ਜ਼ਿਆਦਾ ਪਾਬੰਦੀਆਂ ਲਗਾਉਣ ਲਈ ਆਖਿਆ ਹੈ। ਟਰੰਪ ਨੇ ਟਵੀਟ ਕੀਤਾ ਕਿ ਮੈਂ ਵਿੱਤ ਮੰਤਰੀ ਨੂੰ ਈਰਾਨ 'ਤੇ ਹੋਰ ਜ਼ਿਆਦਾ ਪਾਬੰਦੀਆਂ ਲਗਾਉਣ ਦਾ ਨਿਰਦੇਸ਼ ਦਿੱਤਾ ਹੈ।
ਅਮਰੀਕਾ ਪਹਿਲਾਂ ਹੀ ਈਰਾਨ 'ਤੇ ਬਹੁਤ ਪਾਬੰਦੀਆਂ ਲਾ ਚੁੱਕਿਆ ਹੈ, ਜਿਨਾਂ ਨੇ ਉਸ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਹੈ। ਇਸ 'ਚ ਉਸ ਦੇ ਪ੍ਰਮੁੱਖ ਤੇਲ ਨਿਰਯਾਤ ਉਦਯੋਗ ਨੂੰ ਬੰਦ ਕਰਨ ਦਾ ਯਤਨ ਵੀ ਸ਼ਾਮਲ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਈਰਾਨ ਖਿਲਾਫ ਨਵੇਂ ਕਦਮ ਕੀ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸਾਊਦੀ ਅਰਬ ਦੇ 2 ਤੇਲ ਪਲਾਂਟਾਂ 'ਤੇ ਹਵਾਈ ਹਮਲੇ ਕੀਤੇ ਗਏ ਸਨ, ਜਿਨਾਂ ਦੀ ਜ਼ਿੰਮਵਾਰੀ ਯਮਨ ਦੇ ਹੂਤੀ ਵਿਧ੍ਰੋਹੀਆਂ ਨੇ ਲਈ ਸੀ। ਈਰਾਨ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਸਮਰਥਕ ਹੂਤੀ ਵਿਧ੍ਰੋਹੀਆਂ ਨੂੰ ਹਮਲੇ ਲਈ ਹਥਿਆਰ ਮੁਹੱਈਆ ਕਰਾਏ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            