ਟਰੰਪ ਨੇ ਜਿੱਤਣ 'ਤੇ ਐਲੋਨ ਮਸਕ ਅਤੇ ਟੈਕਸ ਸਬੰਧੀ ਕੀਤਾ ਅਹਿਮ ਐਲਾਨ

Friday, Sep 06, 2024 - 12:27 PM (IST)

ਟਰੰਪ ਨੇ ਜਿੱਤਣ 'ਤੇ ਐਲੋਨ ਮਸਕ ਅਤੇ ਟੈਕਸ ਸਬੰਧੀ ਕੀਤਾ ਅਹਿਮ ਐਲਾਨ

ਨਿਊਯਾਰਕ (ਰਾਜ ਗੋਗਨਾ )- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਸਤਾ ਵਿਚ ਆਇਆ ਤਾਂ ਉਹ ਐਲੋਨ ਮਸਕ ਨੂੰ ਆਪਣੀ ਕੈਬਨਿਟ ਵਿੱਚ ਅਹਿਮ ਅਹੁਦਾ ਦੇਣਗੇ। ਸਰਕਾਰ ਬਣਨ 'ਤੇ ਹੀ ਉਨ੍ਹਾਂ ਨੂੰ ਇਹ ਅਹੁਦਾ ਮਿਲੇਗਾ। ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਹ ਐਲੋਨ ਮਸਕ ਲਈ ਵਿਸ਼ੇਸ਼ ਵਿਭਾਗ ਬਣਾਉਣਗੇ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਉਹ ‘ਸਰਕਾਰੀ ਕਾਰਜਕੁਸ਼ਲਤਾ ਕਮਿਸ਼ਨ’ ਦੀ ਸਥਾਪਨਾ ਵੀ ਕਰਨਗੇ, ਜਿਸ ਦੇ ਮੁਖੀ ਐਲੋਨ ਮਸਕ ਹੋਣਗੇ। 

ਕਾਰਪੋਰੇਟ ਟੈਕਸ 'ਚ ਕਰਨਗੇ ਵੱਡੀ ਕਟੌਤੀ 

ਉਨ੍ਹਾਂ ਚੋਣਾਂ ਤੋਂ ਪਹਿਲਾਂ ਨਿਊਯਾਰਕ ਵਿਚ ਅਰਥਚਾਰੇ ਸਬੰਧੀ ਇਕ ਰੈਲੀ ਨੂੰ ਸੰਬੋਧਨ ਕੀਤਾ। ਟਰੰਪ ਨੇ ਨਿਊਯਾਰਕ ਇਕਨਾਮਿਕ ਕਲੱਬ 'ਚ ਬੋਲਦਿਆਂ ਕਿਹਾ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਘਰੇਲੂ ਉਤਪਾਦਨ ਵਾਲੀਆਂ ਕੰਪਨੀਆਂ ਦੇ ਕਾਰਪੋਰੇਟ ਟੈਕਸ 'ਚ ਵੱਡੀ ਕਟੌਤੀ ਕਰਨਗੇ। ਇਸ ਤੋਂ ਇਲਾਵਾ ਨਵੀਆਂ ਕੰਪਨੀਆਂ ਬਣਾਉਣ ਲਈ ਸਰਕਾਰੀ ਜ਼ਮੀਨ ਦੀ ਖਰੀਦ 'ਤੇ ਲੱਗਣ ਵਾਲੇ ਟੈਕਸ ਨੂੰ ਵੀ ਤੁਰੰਤ ਘਟਾਇਆ ਜਾਵੇਗਾ। ਟਰੰਪ ਨੇ ਕਿਹਾ ਕਿ ਉਹ ਕੰਪਨੀਆਂ ਲਈ 'ਵੈਲਥ ਫੰਡ' ਸ਼ੁਰੂ ਕਰਨਗੇ। ਡੋਨਾਲਡ ਟਰੰਪ ਕਈ ਹਫ਼ਤਿਆਂ ਤੋਂ ਕੁਸ਼ਲਤਾ ਕਮਿਸ਼ਨ ਬਾਰੇ ਆਪਣੇ ਸਹਿਯੋਗੀਆਂ ਨਾਲ ਗੱਲ ਕਰ ਰਹੇ ਹਨ। ਪਰ ਪਹਿਲੀ ਵਾਰ ਉਨ੍ਹਾਂ ਨੇ ਆਪਣੀ ਯੋਜਨਾ ਦਾ ਜਨਤਕ ਤੌਰ 'ਤੇ ਐਲਾਨ ਕੀਤਾ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਐਲੋਨ ਮਸਕ ਕਮਿਸ਼ਨ ਦੀ ਅਗਵਾਈ ਕਰਨ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਡੋਨਾਲਡ ਟਰੰਪ ਨੇ ਇਹ ਨਹੀਂ ਦੱਸਿਆ ਕਿ ਇਹ ਕਮਿਸ਼ਨ ਕਿਵੇਂ ਕੰਮ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਛੇ ਮਹੀਨਿਆਂ ਦੇ ਅੰਦਰ ਧੋਖਾਧੜੀ ਅਤੇ ਗੈਰ-ਕਾਨੂੰਨੀ ਨਕਦੀ ਲੈਣ-ਦੇਣ ਨੂੰ ਵੀ ਰੋਕ ਦਿੱਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-10 ਲੱਖ ਭਾਰਤੀ ਅਮਰੀਕੀ ਚੋਣਾਂ 'ਚ ਨਿਭਾਉਣਗੇ ਮਹੱਤਵਪੂਰਨ ਭੂਮਿਕਾ

ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਾਬਕਾ ਖਜ਼ਾਨਾ ਸਕੱਤਰ ਸਟੀਵ ਮਨੁਚਿਨ ਅਤੇ ਹੋਰ ਸਹਿਯੋਗੀਆਂ ਨੂੰ ਕਮਿਸ਼ਨ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਸ਼ਲਤਾ ਕਮਿਸ਼ਨ ਕੋਲ ਸਰਕਾਰੀ ਵਿਭਾਗਾਂ ਵਿੱਚ ਮੁਕੰਮਲ ਵਿੱਤੀ ਅਤੇ ਕਾਰਗੁਜ਼ਾਰੀ ਆਡਿਟ ਕਰਨ ਦਾ ਵੀ ਅਧਿਕਾਰ ਹੋਵੇਗਾ।ਉਧਰ 19 ਅਗਸਤ ਨੂੰ ਡੋਨਾਲਡ ਟਰੰਪ ਨਾਲ ਇਕ ਇੰਟਰਵਿਊ 'ਚ ਮਸਕ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਰਕਾਰ 'ਚ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਅਮਰੀਕਾ ਦੀ ਸੇਵਾ ਕਰਨ ਲਈ ਤਿਆਰ ਹਾਂ। ਇਸ ਤੋਂ ਬਾਅਦ ਟੇਸਲਾ ਮੁਖੀ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ ਕੋਈ ਤਨਖਾਹ, ਕਿਸੇ ਅਹੁਦੇ ਜਾਂ ਕਿਸੇ ਮਾਨਤਾ ਦੀ ਲੋੜ ਨਹੀਂ ਹੈ। ਕੁਸ਼ਲਤਾ ਕਮਿਸ਼ਨ ਬਾਰੇ ਅਮਰੀਕਾ ਵਿੱਚ ਪਿਛਲੇ ਦਿਨੀਂ ਵੀ ਚਰਚਾ ਹੋਈ ਸੀ। ਰਿਪਬਲਿਕਨ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸੰਨ 1981 ਵਿੱਚ ਅਜਿਹੀ ਏਜੰਸੀ ਬਣਾਈ ਸੀ। ਜਿਸ ਨੂੰ ਗ੍ਰੇਸ ਕਮਿਸ਼ਨ ਦਾ ਨਾਮ ਦਿੱਤਾ ਗਿਆ ਸੀ। ਇਸ ਐਲਾਨ ਤੋਂ ਬਾਅਦ ਟਰੰਪ ਦੀ ਆਲੋਚਨਾ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News