ਟਰੰਪ-ਕਿਮ ਦੀ ਮੁਲਾਕਾਤ ਤੋਂ ਬਾਅਦ ਚੀਨ ਨੇ ਕਿਹਾ, ''ਉੱਤਰੀ ਕੋਰੀਆ ''ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣ''

Wednesday, Jun 13, 2018 - 03:01 AM (IST)

ਬੀਜ਼ਿੰਗ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਾਲੇ ਸਿੰਗਾਪੁਰ 'ਚ ਮੰਗਲਵਾਰ ਨੂੰ ਹੋਈ ਇਤਿਹਾਸਕ ਮੁਲਾਕਾਤ ਤੋਂ ਬਾਅਦ ਚੀਨ ਨੇ ਉੱਤਰ ਕੋਰੀਆ ਖਿਲਾਫ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਪਾਬੰਦੀਆਂ ਨੂੰ ਹਟਾਉਣ ਦੀ ਵਕਾਲਤ ਕੀਤੀ ਹੈ। ਚੀਨ ਨੇ ਕੋਰੀਆਈ ਪ੍ਰਾਇਦੀਪ 'ਚ ਸ਼ਾਂਤੀ ਬਹਾਰ ਕਰਨ ਦੀ ਨਵੀਂ ਪ੍ਰਕਿਰਿਆ 'ਚ ਆਪਣੀ ਕੇਂਦਰੀ ਭੂਮਿਕਾ 'ਤੇ ਵੀ ਚਾਨਣ ਪਾਇਆ।
ਟਰੰਪ ਅਤੇ ਕਿਮ ਵਿਚਾਲੇ ਮੰਗਲਵਾਰ ਨੂੰ ਸਿੰਗਾਪੁਰ 'ਚ ਵਿਆਪਕ ਗੱਲਬਾਤ ਦਾ ਦੌਰ ਚੱਲਿਆ। ਇਸ ਮੁਲਾਕਾਤ 'ਚ ਦੋਹਾਂ ਦੇਸ਼ਾਂ ਵਿਚਾਲੇ ਇਹ ਨਵੇਂ ਸਬੰਧ ਸਥਾਪਤ ਕਰਨ ਅਤੇ ਕੋਰੀਆਈ ਪ੍ਰਾਇਦੀਪ 'ਚ ਟਿਕਾਊ ਅਤੇ ਮਜ਼ਬੂਤ ਸ਼ਾਂਤੀ ਵਿਵਸਥਾ ਕਾਇਮ ਕਰਨ ਨਾਲ ਜੁੜੇ ਮੁੱਦੇ ਸ਼ਾਮਲ ਸਨ। ਉੱਤਰੀ ਕੋਰੀਆਈ ਨੇਤਾ ਨੇ ਕੋਰੀਆਈ ਪ੍ਰਾਇਦੀਪ 'ਚ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਦਿਸ਼ਾ 'ਚ ਕੰਮ ਕਰਨ 'ਤੇ ਸਹਿਮਤੀ ਜਤਾਈ ਅਤੇ ਇਸ ਦੇ ਬਦਲੇ 'ਚ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕੀਤੀ। ਚੀਨੀ ਸਟੇਟ ਕਾਊਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਪ੍ਰਾਇਦੀਪ ਦੇ ਮੁੱਦੇ ਨੂੰ ਹੱਲ ਕਰਨ ਲਈ ਇਹੀ ਸਹੀ ਦਿਸ਼ਾ ਹੈ। ਇਸ ਦਾ ਮਤਲਬ ਹੈ ਕਿ ਇਸ ਨੂੰ ਗੱਲਬਾਤ ਦੇ ਜ਼ਰੀਏ ਸ਼ਾਂਤੀਪੂਰਣ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, 'ਇਸ ਸਮੱਸਿਆ ਨੂੰ ਬੇਸ਼ੱਕ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰ ਹੱਲ ਕੀਤਾ ਜਾ ਸਕਦਾ ਹੈ।'
ਚੀਨ ਦੀ ਕੇਂਦਰੀ ਭੂਮਿਕਾ 'ਤੇ ਵਿਸ਼ੇਸ਼ ਧਿਆਨ ਦਿਵਾਉਂਦੇ ਹੋਏ ਵਾਂਗ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਇਸ ਪ੍ਰਕਿਰਿਆ 'ਚ ਚੀਨ ਦੀ ਅਹਿਮ ਅਤੇ ਅਨੋਖੀ ਭੂਮਿਕਾ 'ਤੇ ਸ਼ੱਕ ਹੋਵੇਗਾ ਅਤੇ ਉਹ ਇਹ ਭੂਮਿਕਾ ਨਿਭਾਉਂਦਾ ਰਹੇਗਾ। ਚੀਨ ਨੇ ਸਿੰਗਾਪੁਰ ਜਾਣ ਲਈ ਕਿਮ ਨੂੰ ਆਪਣਾ ਜ਼ਹਾਜ ਉਪਲੱਬਧ ਕਰਾਇਆ। ਅਜਿਹੀਆਂ ਵੀ ਅਟਕਲਾਂ ਹਨ ਕਿ ਉੱਤਰੀ ਕੋਰੀਆਈ ਨੇਤਾ ਸਿੰਗਾਪੁਰ ਤੋਂ ਵਾਪਸ ਆਉਂਦੇ ਸਮੇਂ ਚੀਨ ਜਾਣਗੇ ਜਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਟਰੰਪ ਨਾਲ ਹੋਈ ਗੱਲਬਾਤ ਤੋਂ ਜਲਦ ਜਾਣੂ ਕਰਾਉਣਗੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇ ਸ਼ੁਆਂਗ ਨੇ ਟਰੰਪ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਚੀਨ ਨੇ ਪਿਛਲੇ ਕੁਝ ਮਹੀਨਿਆਂ 'ਚ ਪਾਬੰਦੀਆਂ ਨੂੰ ਲਾਗੂ ਕਰਨ 'ਤ ਨਰਮੀ ਵਰਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆਈ 'ਤੇ ਪਾਬੰਦੀਆਂ ਲਾਉਣ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ 'ਚ ਸਥਿਤੀ ਸੁਧਾਰਣ 'ਤੇ ਉਨ੍ਹਾਂ 'ਚ ਨਰਮੀ ਵਰਤਣ ਜਾਂ ਹਟਾਉਣ ਦਾ ਵੀ ਪ੍ਰਬੰਧ ਹੈ। ਗੱਲਬਾਤ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਟਰੰਪ ਨੇ ਦੋਸ਼ ਲਾਇਆ ਕਿ ਚੀਨ ਆਪਣੀ ਉੱਤਰੀ ਕੋਰੀਆਈ ਸਰਹੱਦ 'ਤੇ ਪਾਬੰਦੀਆਂ 'ਚ ਰਾਹਤ ਦੇ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਹ ਪਾਬੰਦੀਆਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤੱਕ ਉੱਤਰੀ ਕੋਰੀਆਈ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਰੋਕ ਨਹੀਂ ਦਿੰਦਾ ਜਾਂ ਖਤਮ ਨਹੀਂ ਕਰ ਦਿੰਦਾ।


Related News