ਟਰੰਪ ਨੂੰ ਦਿੱਤੀ ਜਾ ਰਹੀ ਹੈ 'ਰੇਮਡੇਸਿਵਰ ਥੈਰੇਪੀ', ਹੋ ਰਿਹੈ ਸੁਧਾਰ

10/04/2020 3:52:43 AM

ਵਾਸ਼ਿੰਗਟਨ - ਕੋਵਿਡ-19 ਤੋਂ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਫੌਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ, ਉਨ੍ਹਾਂ ਨੂੰ ਰੇਮਡੇਸਿਵਰ ਥੈਰੇਪੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਵ੍ਹਾਈਟ ਹਾਊਸ ਦੇ ਡਾਕਟਰ ਸੀਨ ਕਾਨਲੀ ਨੇ ਇਹ ਜਾਣਕਾਰੀ ਦਿੱਤੀ। ਟਰੰਪ ਪ੍ਰਸ਼ਾਸਨ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਰੇਮਡੇਸਿਵਰ ਨੂੰ ਐਮਰਜੰਸੀ ਇਸਤੇਮਾਲ ਕਰਨ ਲਈ ਅਧਿਕਾਰਤ ਕੀਤਾ ਸੀ। ਇਸ ਦਵਾਈ ਰਾਹੀਂ ਹਸਪਤਾਲ ਵਿਚ ਦਾਖਲ ਕੋਰੋਨਾ ਦੇ ਮਰੀਜ਼ਾਂ 'ਤੇ ਅਸਰ ਦਿਖਾਉਣ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ।

ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਡਾਕਟਰ ਕਾਨਲੀ ਨੇ ਸਿਹਤ ਬੁਲੇਟਿਨ ਵਿਚ ਆਖਿਆ ਕਿ ਅੱਜ ਸ਼ਾਮ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰਪਤੀ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਆਕਸੀਜਨ ਦੀ ਜ਼ਰੂਰਤ ਨਹੀਂ ਹੈ, ਪਰ ਮਾਹਿਰਾਂ ਦੀ ਸਲਾਹ ਨਾਲ ਅਸੀਂ ਰੇਮਡੇਸਿਵਰ ਥੈਰੇਪੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਪਹਿਲੀ ਖੁਰਾਕ ਪੂਰੀ ਕਰ ਲਈ ਹੈ ਅਤੇ ਆਰਾਮ ਕਰ ਰਹੇ ਹਨ। ਉਧਰ, ਮੇਲਾਨੀਆ ਟਰੰਪ ਵ੍ਹਾਈਟ ਹਾਊਸ ਵਿਚ ਹੀ ਇਲਾਜ ਕਰਾ ਰਹੀ ਹੈ। ਵ੍ਹਾਈਟ ਹਾਊਸ ਦੇ ਡਾਕਟਰ ਨੇ ਇਹ ਜਾਣਕਾਰੀ ਦਿੱਤੀ। ਟਰੰਪ ਨੇ ਸ਼ੁੱਕਰਵਾਰ ਸ਼ਾਮ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕਰ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਇਸ ਵਿਚਾਲੇ ਅਮਰੀਕਾ ਦੇ 2 ਸੈਨੇਟਰ, ਟਰੰਪ ਦੇ ਇਕ ਸਾਬਕਾ ਸਲਾਹਕਾਰ, ਉਨ੍ਹਾਂ ਦੇ ਮੁਹਿੰਮ ਪ੍ਰਬੰਧਕ ਅਤੇ ਵ੍ਹਾਈਟ ਹਾਊਸ ਦੇ 3 ਪੱਤਰਕਾਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਸੋਸ਼ਲ ਮੀਡੀਆ 'ਤੇ ਫੈਲਿਆ ਫੇਕ ਨਿਊਜ਼ ਦਾ ਜਾਲ 
ਟਰੰਪ ਅਤੇ ਮੇਲਾਨੀਆ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਤੋਂ ਕੁਝ ਘੰਟੇ ਦੇ ਅੰਦਰ ਹੀ ਸੋਸ਼ਲ ਮੀਡੀਆ 'ਤੇ ਫੇਕ ਨਿਊਜ਼ ਦਾ ਜਾਲ ਫੈਲ ਗਿਆ। ਹਜ਼ਾਰਾਂ ਵਾਰ ਸਾਂਝਾ ਕੀਤੇ ਗਏ ਟਵੀਟਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਿ ਹੋ ਸਕਦਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੀ ਬਹਿਸ ਦੌਰਾਨ ਜਾਣ ਬੁੱਝ ਕੇ ਰਾਸ਼ਟਰਪਤੀ ਨੂੰ ਕਿਸੇ ਤਰ੍ਹਾਂ ਕੋਰੋਨਾਵਾਇਰਸ ਇਨਫੈਕਟਿਡ ਕਰ ਦਿੱਤਾ ਗਿਆ। ਉਥੇ ਫੇਸਬੁੱਕ 'ਤੇ ਇਸ ਦੀ ਵੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਹੋ ਸਕਦਾ ਹੈ ਕਿ ਟਰੰਪ ਆਪਣੀ ਬੀਮਾਰੀ ਨੂੰ ਲੈ ਕੇ ਝੂਠ ਬੋਲ ਰਹੇ ਹੋਣ।


Khushdeep Jassi

Content Editor

Related News